ਕਮਿਸ਼ਨਰ ਨਗਰ ਨਿਗਮ ਪਟਿਆਲਾ ਪਰਮਜੀਤ ਸਿੰਘ ਵੱਲੋਂ ਗੌਸ਼ਾਲਾ ਦਾ ਦੌਰਾ

ਪਟਿਆਲਾ, 24 ਨਵੰਬਰ — ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਸ਼੍ਰੀ ਪਰਮਜੀਤ ਸਿੰਘ ਨੇ ਅੱਜ ਸ਼ਹਿਰ ਦੇ ਵਿਕਾਸ ਅਤੇ ਸਫ਼ਾਈ ਪ੍ਰਬੰਧਨ ਨਾਲ ਸੰਬੰਧਤ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਬਾਇਓ ਰੀਮੀਡੇਸ਼ਨ ਪ੍ਰੋਜੈਕਟ ਸਾਈਟ ਦਾ ਮੌਕਾ ਮੁਆਇਨਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਅਤੇ ਤਕਨੀਕੀ ਟੀਮ ਨਾਲ ਵਿਚਾਰ-ਵਟਾਂਦਰਾ ਕਰਦਿਆਂ ਪ੍ਰੋਜੈਕਟ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ। ਪਰਮਜੀਤ ਸਿੰਘ ਨੇ ਕਿਹਾ ਕਿ ਕੱਚਰੇ ਦੀ ਵਿਗਿਆਨਕ ਨਿਪਟਾਰਾ ਪ੍ਰਣਾਲੀ ਹੀ ਭਵਿੱਖ ਦਾ ਹੱਲ ਹੈ ਅਤੇ ਇੱਥੇ ਲਗਾਇਆ ਗਿਆ ਬਾਇਓ ਰੀਮੀਡੇਸ਼ਨ ਮਾਡਿਊਲ ਪਟਿਆਲਾ ਨੂੰ ਸਵੱਛ ਅਤੇ ਪ੍ਰਦੂਸ਼ਣ-ਰਹਿਤ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਏਗਾ।
ਕਮਿਸ਼ਨਰ ਨੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲਿਆ ਜਿਸ ਵਿੱਚ ਕੱਚਰੇ ਦੀ ਵਰਗੀਕਰਨ ਪ੍ਰਕਿਰਿਆ, ਮਸ਼ੀਨਰੀ ਦੀ ਸਥਿਤੀ, ਰੋਜ਼ਾਨਾ ਨਿਕਾਸੀ, ਅਤੇ ਵਰਕਰਾਂ ਦੀ ਡਿਊਟੀ ਰੋਸਟਰ ਸ਼ਾਮਲ ਸੀ। ਉਨ੍ਹਾਂ ਨੇ ਖਾਸ ਤੌਰ ‘ਤੇ ਕਿਹਾ ਕਿ ਕੱਚਰੇ ਦੇ ਪਹਾੜ ਇੱਕ ਵੱਡੀ ਚੁਣੌਤੀ ਹਨ, ਅਤੇ ਟੀਮ ਨੂੰ ਪ੍ਰੋਜੈਕਟ ਦੀ ਰਫ਼ਤਾਰ ਹੋਰ ਵਧਾਉਣੀ ਚਾਹੀਦੀ ਹੈ ਤਾਂ ਜੋ ਮੈਦਾਨੀ ਪੱਧਰ ‘ਤੇ ਤੇਜ਼ ਨਤੀਜੇ ਸਾਹਮਣੇ ਆ ਸਕਣ। ਇਸ ਦੇ ਨਾਲ ਹੀ ਸਾਈਟ ‘ਤੇ ਸੁਰੱਖਿਆ ਅਤੇ ਸਫ਼ਾਈ ਦੇ ਮਿਆਰਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।
ਦੌਰੇ ਦੇ ਦੂਜੇ ਪੜਾਅ ਵਿੱਚ ਕਮਿਸ਼ਨਰ ਪਰਮਜੀਤ ਸਿੰਘ ਨੇ ਸ਼ਹਿਰ ਦੀ ਗੌਸ਼ਾਲਾ ਦਾ ਦੌਰਾ ਕੀਤਾ। ਉਨ੍ਹਾਂ ਨੇ ਗੌਸ਼ਾਲਾ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਚਾਰੇ-ਪਾਣੀ, ਸਫ਼ਾਈ, ਦਵਾਈ ਅਤੇ ਰਹਿਣ ਦੀ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਪਸ਼ੂਆਂ ਦੀ ਸੇਵਾ ਨੂੰ ਮਨੁੱਖਤਾ ਦੀ ਸੇਵਾ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਗੌਸ਼ਾਲਾ ਵਿੱਚ ਬੇਘਰ, ਬਿਮਾਰ ਅਤੇ ਜ਼ਖ਼ਮੀ ਪਸ਼ੂਆਂ ਦੀ ਸੰਭਾਲ ਲਈ ਪੂਰਾ ਧਿਆਨ ਦਿੱਤਾ ਜਾਵੇ। ਲਾਪਰਵਾਹੀ ਜਾਂ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੌਰੇ ਦੇ ਅੰਤ ‘ਤੇ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ, ਵਾਤਾਵਰਣ ਸੁਰੱਖਿਆ ਅਤੇ ਪਸ਼ੂ ਕਲਿਆਣ ਸਥਾਈ ਵਿਕਾਸ ਦੇ ਲਈ ਜਰੂਰੀ ਹਨ ਅਤੇ ਨਗਰ ਨਿਗਮ ਇਹਨਾਂ ਮੋਰਚਿਆਂ ‘ਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਟੀਮ ਨੂੰ ਮਿਲ-ਜੁਲ ਕੇ ਕੰਮ ਕਰਨ ਅਤੇ ਸ਼ਹਿਰਵਾਸੀਆਂ ਨੂੰ ਸਾਫ਼ ਅਤੇ ਹਰੇ-ਭਰੇ ਪਟਿਆਲਾ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।
Scroll to Top