ਐਸ.ਡੀ.ਐਮ. ਮੂਣਕ ਸੂਬਾ ਸਿੰਘ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਦਾ ਅਚਨਚੇਤ ਦੌਰਾ
ਮੂਣਕ, 10 ਸਤੰਬਰ: ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਬਡਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਮੂਣਕ ਸੂਬਾ ਸਿੰਘ ਨੇ ਅੱਜ ਸਥਾਨਕ ਸੀਵਰੇਜ ਟਰੀਟਮੈਂਟ ਪਲਾਂਟ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੀ ਹਾਜ਼ਰ ਸਨ । ਇਸ ਮੌਕੇ ਐਸ.ਡੀ.ਐਮ. ਸੂਬਾ ਸਿੰਘ ਨੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਕਾਰਜਸ਼ੈਲੀ ਦੇਖੀ ਅਤੇ ਹਦਾਇਤ ਕੀਤੀ ਕਿ ਇਸ ਦੀ ਹੋਰ ਸੁਚੱਜੇ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ ਅਤੇ ਇਸ ਦੀ ਕਾਰਜਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਂਦਾ ਜਾਵੇ। ਇਸ ਫੇਰੀ ਦੌਰਾਨ ਐਸ.ਡੀ.ਐਮ. ਨੇ ਕਿਹਾ ਕਿ ਟਰੀਟਮੈਂਟ ਪਲਾਂਟ ਵਿੱਚੋਂ ਸਾਫ ਕੀਤੇ ਪਾਣੀ ਦੀ ਨਿਯਮਤ ਤੌਰ ‘ਤੇ ਪਰਖ ਕਰਵਾਈ ਜਾਵੇ ਤਾਂ ਜੋ ਸਾਫ ਕੀਤੇ ਗਏ ਪਾਣੀ ਨੂੰ ਸਿੰਚਾਈ ਜਾਂ ਹੋਰ ਵਰਤੋਂ ਵਾਸਤੇ ਇਸੇਤਮਾਲ ਕੀਤਾ ਜਾ ਸਕੇ। ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਐਨ.ਜੀ.ਟੀ. ਵੱਲੋਂ ਜਾਰੀ ਹਦਾਇਤਾਂ ਦੀ ਵੀ ਇੰਨ-ਬਿੰਨ ਪਾਲਣਾ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਹਦਾਇਤ ਕੀਤੀ ਕਿ ਸੀਵਰੇਜ ਪਲਾਂਟ ਦੀਆਂ ਸਾਰੀਆਂ ਮੋਟਰਾਂ ਚਾਲੂ ਹਾਲਤ ਵਿੱਚ ਰੱਖਣ ਦੀ ਵੀ ਹਦਾਇਤ ਕੀਤੀ । ਇਸ ਮੌਕੇ ਐਸ.ਡੀ.ਐਮ. ਸੂਬਾ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਾਲੀਆਂ, ਸੀਵਰੇਜ ਵਿੱਚ ਕੂੜਾ ਕਰਕਟ, ਲਿਫਾਫੇ ਆਦਿ ਨਾ ਸੁੱਟਣ ਤਾਂ ਜੋ ਸੀਵਰੇਜ ਦੇ ਨਾਲ-ਨਾਲ ਸੀਵਰੇਜ ਟਰੀਟਮੈਂਟ ਪਲਾਂਟ ਵੀ ਲਗਾਤਾਰ ਸਹੀ ਢੰਗ ਨਾਲ ਕੰਮ ਕਰਦਾ ਰਹੇ।