ਐਸ. ਡੀ. ਐਮ ਪਾਤੜਾਂ ਅਸ਼ੋਕ ਕੁਮਾਰ ਪੁੱਜੇ ਪਿੰਡਾਂ ਦੀਆਂ ਸੱਥਾਂ ‘ਚ
-ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸੁਹਿਰਦ ਯਤਨਾਂ ਦੀ ਲੋੜ : ਅਸ਼ੋਕ ਕੁਮਾਰ
ਪਾਤੜਾਂ, 27 ਅਕਤੂਬਰ : ਉਪ ਮੰਡਲ ਮੈਜਿਸਟਰੇਟ ਪਾਤੜਾਂ ਅਸ਼ੋਕ ਕੁਮਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਹੋਣ ਵਾਲੇ ਵਾਤਾਵਰਣ ਤੇ ਜ਼ਮੀਨ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਲਈ ਪਾਤੜਾਂ ਸਬ ਡਵੀਜ਼ਨ ਦੇ ਪਿੰਡਾਂ ਦੀਆਂ ਸੱਥਾਂ ‘ਚ ਪੁੱਜੇ ਅਤੇ ਕਿਸਾਨਾਂ ਨਾਲ ਖੁੱਲ੍ਹੀ ਵਿਚਾਰ ਚਰਚਾ ਕੀਤੀ । ਇਸ ਮੌਕੇ ਐਸ. ਡੀ. ਐਮ. ਅਸ਼ੋਕ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਸ਼ੁਰੂ ਕੀਤੇ ਗਏ ‘ਸੱਥ ‘ਚ ਗੱਲ ਅਤੇ ਹੱਲ’ ਪ੍ਰੋਗਰਾਮ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਜਦ ਕਿਸਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਇਕੱਠੇ ਬੈਠਦੇ ਹਨ ਤਾਂ ਅਪਣੱਤ ਨਾਲ ਕੀਤੀ ਗਈ ਗੱਲ ਦਾ ਪ੍ਰਭਾਵ ਦੋਵਾਂ ਧਿਰਾਂ ‘ਤੇ ਜ਼ਿਆਦਾ ਪੈਦਾ ਹੈ ਤੇ ਇਸ ਦੇ ਨਤੀਜੇ ਵੀ ਚੰਗੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸੱਥ ਵਿੱਚ ਬੈਠਕੇ ਕਿਸਾਨਾਂ ਨਾਲ ਕੀਤੀਆਂ ਵਿਚਾਰਾਂ ਵਿਚ ਜਿਥੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ, ਉਥੇ ਪ੍ਰਸ਼ਾਸਨ ਵੱਲੋਂ ਵੀ ਮੁਸ਼ਕਲਾਂ ਦੇ ਹੱਲ ਲਈ ਤੁਰੰਤ ਕਾਰਵਾਈ ਅਰੰਭੀ ਗਈ ਅਤੇ ਮਾਹਰਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਕੀਤੀ ਅਪੀਲ ਨੂੰ ਵੀ ਕਿਸਾਨਾਂ ਨੇ ਖਿੜੇ ਮੱਥੇ ਸਵੀਕਾਰ ਕੀਤਾ । ਉਨ੍ਹਾਂ ਕਿਹਾ ਕਿ ਪਿੰਡ ਦੀਆਂ ਸੱਥਾਂ ਤੋਂ ਇਲਾਵਾ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਆਏ ਕਿਸਾਨਾਂ ਨਾਲ ਵੀ ਪਰਾਲੀ ਪ੍ਰਬੰਧਨ ਸਬੰਧੀ ਖੁੱਲਕੇ ਗੱਲਬਾਤ ਹੋਈ ਤੇ ਕਿਸਾਨਾਂ ਵੱਲੋਂ ਵੀ ਪਰਾਲੀ ਦਾ ਨਿਪਟਾਰਾ ਇੰਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਨਾਲ ਕਰਨ ਦਾ ਅਹਿਦ ਲਿਆ ਗਿਆ । ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਾਰੇ ਵਰਗਾਂ ਦੇ ਸੁਹਿਰਦ ਯਤਨਾਂ ਦੀ ਲੋੜ ਹੈ ਤੇ ਕਿਸਾਨ ਇਸ ਮਸਲੇ ‘ਤੇ ਪੂਰੇ ਸੁਚੇਤ ਹਨ ਤੇ ਪਰਾਲੀ ਪ੍ਰਬੰਧਨ ਲਈ ਨਵੀਂਆਂ ਤਕਨੀਕਾਂ ਅਪਣਾ ਰਹੇ ਹਨ ।