ਫਤਿਹਗੜ੍ਹ ਸਾਹਿਬ:- 03 ਦਸੰਬਰ – ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਲਿਖਤੀ ਜਾਣਕਾਰੀ ਦਿਤੀ ਹੈ ਕਿ ਅਮਰ ਮਹਾਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਉਨ੍ਹਾਂ ਨੇ ਸ਼ਹੀਦੀ ਅਸਥਾਨ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸੰਗਤੀ ਸਹਿਯੋਗ ਨਾਲ ਪੂਰੀ ਸਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਸਜੇ ਧਾਰਮਿਕ ਦੀਵਾਨ ਵਿੱਚ ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਗਿ. ਕੁਲਦੀਪ ਸਿੰਘ ਗੱੜਗਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦੇਂਦਿਆਂ ਕਿਹਾ ਕਿ ਸਿੱਖ ਪੰਥ ਦੀਆਂ ਸਮੂਹ ਸੰਪਰਦਾਵਾਂ, ਸੰਸਥਾਵਾਂ, ਰਾਜਸੀ ਦਲਾਂ, ਧਾਰਮਿਕ ਸੁਸਾਇਟੀਆਂ ਆਦਿ ਨੂੰ ਇੱਕਤਰ ਹੋ ਕੇ ਗੁਰੂ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰਨੇ ਚਾਹੀਦੇ ਹਨ। ਜਿਵੇਂ ਬਾਬਾ ਹਨੂੰਮਾਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਮਹਾਨ ਕੁਰਬਾਨੀਆਂ ਦੇ ਕੇ ਕੀਤੇ। ਉਨ੍ਹਾਂ ਕਿਹਾ ਪੰਜਾਬ ਦੀ ਧਰਤੀ ਤੇ ਬੇਅੰਤ ਹੀ ਸੂਰਬੀਰ, ਨਿਧੜਕ ਕੌਮੀ ਪ੍ਰਵਾਨਿਆਂ ਦਾ ਖੂਨ ਡੁਲਿਆ ਹੈ।