ਚੰਡੀਗੜ੍ਹ, 13 ਮਾਰਚ : ਹਰਿਆਣਾ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਚਲਾਈ ਜਾ ਰਹੀ ਟਰੈਕਟਰ ਸਹਾਇਤਾ ਯੋਜਨਾ ਦੀ ਅੰਤਿਮ ਮਿਤੀ ਵਿੱਚ ਸੋਧ ਕਰਦੇ ਹੋਏ ਇਸਨੂੰ ਹੋਰ ਵਧਾ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ ਪੈਂਤਾਲੀ ਘੋੜਾ ਤਾਕਤ ਜਾਂ ਇਸ ਤੋਂ ਵੱਧ ਸਮਰੱਥਾ ਵਾਲੇ ਟਰੈਕਟਰ ਖਰੀਦਣ ਵਾਲੇ ਯੋਗ ਕਿਸਾਨਾਂ ਨੂੰ ਸਰਕਾਰੀ ਸਹਾਇਤਾ ਦਿੱਤੀ ਜਾਂਦੀ ਹੈ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਯੋਜਨਾ ਲਾਗੂ ਹੋਣ ਦੌਰਾਨ ਕਈ ਕਿਸਾਨਾਂ ਵੱਲੋਂ ਤਕਨੀਕੀ ਸਮੱਸਿਆਵਾਂ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਕਿਸਾਨਾਂ ਨੇ ਦੱਸਿਆ ਕਿ ਅਨੁਮਤੀ ਪੱਤਰ ਪ੍ਰਾਪਤ ਕਰਨ, ਟਰੈਕਟਰ ਖਰੀਦਣ ਤੋਂ ਬਾਅਦ ਬਿੱਲ ਦਰਜ ਕਰਨ ਅਤੇ ਨਿਰਮਾਤਾ ਪਾਸੋਂ ਬਿੱਲ ਦੀ ਮਨਜ਼ੂਰੀ ਲੈਣ ਵਰਗੀਆਂ ਪ੍ਰਕਿਰਿਆਵਾਂ ਦੌਰਾਨ ਕਈ ਤਕਨੀਕੀ ਰੁਕਾਵਟਾਂ ਆ ਰਹੀਆਂ ਸਨ। ਇਸ ਕਾਰਨ ਕਈ ਯੋਗ ਕਿਸਾਨ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਸਨ।
ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਸਮਾਂ ਸੀਮਾ ਵਿੱਚ ਤਬਦੀਲੀ ਕਰਕੇ ਕਿਸਾਨਾਂ ਨੂੰ ਹੋਰ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਨਵੀਂ ਤਰੀਕ ਦੇ ਅਨੁਸਾਰ ਹੁਣ ਕਿਸਾਨ ਅਤੇ ਨਿਰਮਾਤਾ 17 ਮਾਰਚ 2026 ਤੱਕ ਸਾਰੀਆਂ ਲਾਜ਼ਮੀ ਕਾਰਵਾਈਆਂ ਪੂਰੀਆਂ ਕਰ ਸਕਣਗੇ, ਜਿਵੇਂ ਕਿ ਅਨੁਮਤੀ ਪੱਤਰ ਪ੍ਰਾਪਤ ਕਰਨਾ, ਟਰੈਕਟਰ ਖਰੀਦਣਾ, ਬਿੱਲ ਦਰਜ ਕਰਨਾ ਅਤੇ ਨਿਰਮਾਤਾ ਵੱਲੋਂ ਉਸਦੀ ਮਨਜ਼ੂਰੀ ਦੇਣਾ।
ਉਨ੍ਹਾਂ ਇਹ ਵੀ ਦੱਸਿਆ ਕਿ ਮੌਕੇ ’ਤੇ ਜਾਂਚ ਕਰਨ ਲਈ 20 ਮਾਰਚ 2026 ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਸਹਾਇਤਾ ਨਾਲ ਸੰਬੰਧਤ ਜਾਂਚ ਅਤੇ ਅੰਤਿਮ ਮਨਜ਼ੂਰੀ ਦੀ ਕਾਰਵਾਈ 24 ਮਾਰਚ 2026 ਤੱਕ ਪੂਰੀ ਕੀਤੀ ਜਾਵੇਗੀ।