ਸੁਪਰੀਮ ਕੋਰਟ ਨੇ ਲਗਾਈ 6 ਮਹਾਨਗਰਾਂ ਵਿਚ ਹੱਥ ਨਾਲ ਮੈਲਾ ਢੋਣ ਅਤੇ ਸੀਵਰੇਜ ਦੀ ਸਫ਼ਾਈ ਉਤੇ ਰੋਕ

ਸੁਪਰੀਮ ਕੋਰਟ ਨੇ ਲਗਾਈ 6 ਮਹਾਨਗਰਾਂ ਵਿਚ ਹੱਥ ਨਾਲ ਮੈਲਾ ਢੋਣ ਅਤੇ ਸੀਵਰੇਜ ਦੀ ਸਫ਼ਾਈ ਉਤੇ ਰੋਕ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਜਿਥੇ 6 ਮਹਾਨਗਰਾਂ ਵਿਚ ਹੱਥ ਨਾਲ ਮੈਲਾ ਢੋਣ ਅਤੇ ਸੀਵਰੇਜ ਦੀ ਸਫਾਈ ਤੇ ਰੋਕ ਲਗਾ ਦਿੱਤੀ ਗਈ ਹੈ, ਉਥੇ ਆਪਣੇ ਪਿਛਲੇ ਹੁਕਮਾਂ ਦੀ ਪਾਲਣ ਨਾ ਕੀਤੇ ਜਾਣ ਉਤੇ ਸਖ਼ਤ ਨਾਰਾਜ਼ਗੀ ਵੀ ਪ੍ਰਗਟਾਈ ਹੈ । ਸੁਪਰੀਮ ਕੋਰਟ ਦੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਅਗਵਾਈ ਵਾਲੀ ਅਤੇ ਜਸਟਿਸ ਅਰਵਿੰਦ ਕੁਮਾਰ ਸਹਿਤ ਸੁਪਰੀਮ ਕੋਰਟ ਦੀ ਦੋ ਜੱਜਾਂ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਅਜਿਹੇ ਆਦੇਸ਼ਾਂ ਨੂੰ ਪਾਸ ਕਰਨ ਤੋਂ ਤੰਗ ਆ ਚੁੱਕੇ ਹਾਂ ਜਿਨ੍ਹਾਂ ਦਾ ਪਾਲਣ ਨਹੀਂ ਕੀਤਾ ਜਾਂਦਾ ਜਾਂ ਤਾਂ ਅਜਿਹਾ ਕਰੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਕੇਂਦਰ ਵਲੋਂ ਦਾਇਰ ਕੀਤੇ ਗਏ ਇੱਕ ਵਿਆਪਕ ਹਲਫ਼ਨਾਮੇ ਦੀ ਘੋਖ ਕਰਨ ਤੋਂ ਬਾਅਦ, ਸੁਪਰੀਮ ਕੋਰਟ ਨੇ ਕਿਹਾ ਕਿ ਹੱਥੀਂ ਮੈਲਾ ਢੋਣ ਅਤੇ ਸੀਵਰੇਜ ਸਫ਼ਾਈ ਨੂੰ ਖ਼ਤਮ ਕਰਨ ਬਾਰੇ “ਕੋਈ ਸਪੱਸ਼ਟਤਾ” ਨਹੀਂ ਹੈ ।
ਸੁਪਰੀਮ ਕੋਰਟ ਨੇ ਕਿਹਾ ਕਿ ਇਸ ਲਈ ਅਸੀਂ ਹੁਕਮ ਦਿੰਦੇ ਹਾਂ ਕਿ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੰਗਲੁਰੂ ਅਤੇ ਹੈਦਰਾਬਾਦ ਵਰਗੇ ਮਹਾਨਗਰਾਂ ਵਿੱਚ ਹੱਥੀਂ ਸੀਵਰੇਜ ਸਫ਼ਾਈ ਅਤੇ ਹੱਥੀਂ ਮੈਲਾ ਢੋਣ ਦੀ ਪ੍ਰਥਾ `ਤੇ ਪਾਬੰਦੀ ਲਗਾਈ ਜਾਵੇ । ਸੁਪਰੀਮ ਕੋਰਟ ਨੇ ਇਹ ਹੁਕਮ ਡਾ. ਬਲਰਾਮ ਸਿੰਘ ਵਲੋਂ ਦਾਇਰ ਜਨਹਿੱਤ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਦਿਤਾ । ਉਨ੍ਹਾਂ ਨੇ ਭਾਰਤ ਵਿਚ ਹੱਥੀਂ ਮੈਲਾ ਢੋਣ ਦੀ ਪ੍ਰਥਾ ਦੇ ਖ਼ਾਤਮੇ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ । ਡਾ. ਬਲਰਾਮ ਸਿੰਘ ਨੇ ਪਟੀਸ਼ਨ ਵਿਚ ਕਿਹਾ ਕਿ ਹੱਥੀਂ ਮੈਲਾ ਢੋਣ ਵਾਲਿਆਂ ਦਾ ਰੁਜ਼ਗਾਰ ਅਤੇ ਡਰਾਈ ਲੈਟਰੀਨਾਂ ਦੀ ਉਸਾਰੀ (ਪ੍ਰਬੰਧਨ) ਐਕਟ, 1993 ਦੇ ਨਾਲ ਹੀ ਹੱਥੀਂ ਮੈਲਾ ਢੋਣ ਵਾਲਿਆਂ ਵਜੋਂ ਰੁਜ਼ਗਾਰ ਦੀ ਮਨਾਹੀ ਅਤੇ ਉਨ੍ਹਾਂ ਦੇ ਮੁੜ ਵਸੇਬਾ ਐਕਟ, 2013 ਦੇ ਸੰਬੰਧਿਤ ਉਪਬੰਧਾਂ ਦੇ ਬਾਵਜੂਦ, ਇਹ (ਹੱਥੀਂ ਮੈਲਾ ਢੋਣਾ ਅਤੇ ਸਫ਼ਾਈ) ਅਜੇ ਤਕ ਲਾਗੂ ਨਹੀਂ ਕੀਤੇ ਗਏ ਹਨ । ਹਰੇਕ ਮਹਾਨਗਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਇੱਕ ਸਟੀਕ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿ ਹੱਥੀਂ ਮੈਲਾ ਢੋਣ ਅਤੇ ਸੀਵਰੇਜ ਦੀ ਸਫ਼ਾਈ ਕਿਵੇਂ ਅਤੇ ਕਦੋਂ ਬੰਦ ਹੋਣ ਜਾ ਰਹੀ ਹੈ, ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 19 ਫ਼ਰਵਰੀ ਨੂੰ ਤੈਅ ਕੀਤੀ ਹੈ ।

Leave a Comment

Your email address will not be published. Required fields are marked *

Scroll to Top