ਥਾਈਲੈਡ ਦੀ ਮਾਰਕੀਟ ਵਿਚ ਲੱਗੀ ਭਿਆਨਕ ਅੱਗ : ਕਈ ਲੋਕਾਂ ਦੀ ਹੋਈ ਮੌਤ
ਦਿੱਲੀ, 16 ਨਵੰਬਰ : ਥਾਈਲੈਂਡ ਦੇ ਪ੍ਰਸਿੱਧ ਸੈਰ-ਸਪਾਟਾ ਕੇਂਦਰ ਫੁਕੇਟ ਮਾਰਕੀਟ ਵਿਚ ਬੀਤੀ ਰਾਤ ਅਚਾਨਕ ਅੱਗ ਲੱਗਣ ਕਾਰਨ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਫੁਕੇਟ ਦੇ ਪਾਟੋਂਗ ਇਲਾਕੇ ਵਿੱਚ ਇਹ ਘਟਨਾ ਸਵੇਰੇ ਕਰੀਬ 3:17 ਵਜੇ ਵਾਪਰੀ। ਜਿਸ ਇਮਾਰਤ ਵਿੱਚ ਅੱਗ ਲੱਗੀ, ਉੱਥੇ ਵਾਹਨ ਕਿਰਾਏ ‘ਤੇ ਦੇਣ ਦਾ ਕਾਰੋਬਾਰ ਚੱਲਦਾ ਸੀ। ਮੁੱਢਲੇ ਤੌਰ ‘ਤੇ ਅੱਗ ਇਸੇ ਇਮਾਰਤ ਤੋਂ ਸ਼ੁਰੂ ਹੋਈ ਅਤੇ ਕੁਝ ਹੀ ਸਮੇਂ ਵਿੱਚ ਇਸ ਨੇ ਆਸਪਾਸ ਦੀਆਂ ਕਈ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ। ਅੱਗ ਦੀ ਲਪੇਟ ਵਿੱਚ ਆਉਣ ਕਾਰਨ 10 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਰਾਹਤ ਟੀਮਾਂ ਵਲੋ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਲਈ ਮੁਹਿੰਮ ਚਲਾਈ। ਅਧਿਕਾਰੀਆਂ ਮੁਤਾਬਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਕਰੀਬ ਦੋ ਘੰਟਿਆਂ ਦਾ ਸਮਾਂ ਲੱਗਿਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।