ਟੋਰਾਂਟੋ ਹਵਾਈ ਅੱਡੇ ‘ਤੇ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਕ੍ਰੈਸ਼ ਹੋਣ ਨਾਲ ਕਈ ਜ਼ਖਮੀ ਤੇ ਦੋ ਹਾਲਤ ਗੰਭੀਰ
ਚੰਡੀਗੜ੍ਹ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਡੈਲਟਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋਣ ਨਾਲ 18 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਹਾਜ਼ ਵਿੱਚ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ । ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਅਮਰੀਕਾ ਦੇ ਮਿਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ ਤੇ ਫਲੈਪ ਐਕਚੁਏਟਰ ਫੇਲੀਅਰ ਕਾਰਨ ਜਹਾਜ਼ ਅਚਾਨਕ ਪਲਟ ਗਿਆ । ਇਸਦਾ ਮਤਲਬ ਹੈ ਕਿ ਲੈਂਡਿੰਗ ਦੌਰਾਨ ਜਹਾਜ਼ ਦੇ ਖੰਭਾਂ ਦੇ ਫਲੈਪ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ । ਹਾਲਾਂਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ।