ਸਨਾਤਨ ਧਰਮ ਸਭਾ ਵਲੋਂ ਪਟਿਆਲਾ ਨਗਰ ਨਿਗਮ ਦੇ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਦਿੱਤੀ ਗਈ ਵਧਾਈ
ਧਾਰਮਿਕ ਜਾਂ ਜਾਤੀ ਭੇਦਭਾਵ ਤੋਂ ਬਿਨਾਂ ਸਮਾਜ ਸੇਵੀ ਅਤੇ ਇਮਾਨਦਾਰ ਵਿਅਕਤੀ ਨੂੰ ਹੀ ਮੇਅਰ ਬਣਾਇਆ ਜਾਵੇ : ਲਾਲ ਚੰਦ ਜਿੰਦਲ
ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ(ਰਜਿਸਟਰਡ) ਪਟਿਆਲਾ ਦੀ ਤਰਫੋਂ ਸਭਾ ਦੇ ਪ੍ਰਧਾਨ ਲਾਲਚੰਦ ਜਿੰਦਲ ਨੇ ਹਾਲ ਹੀ ਵਿੱਚ ਹੋਈਆਂ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਜੇਤੂ ਰਹੇ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟ ਕੀਤੀ ਹੈ ਕਿ ਸਾਰੇ ਜੇਤੂ ਕੌਂਸਲਰ ਇੱਕਜੁੱਟ ਹੋ ਕੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਆਉਣਗੇ ਅਤੇ ਪਟਿਆਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਣਗੇ, ਇਸ ਦੇ ਨਾਲ ਹੀ ਸ਼੍ਰੀ ਲਾਲ ਚੰਦ ਜਿੰਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਪਟਿਆਲਾ ਨਗਰ ਨਿਗਮ ਵਿੱਚ ਧਾਰਮਿਕ ਜਾਂ ਜਾਤੀਗਤ ਭੇਦਭਾਵ ਤੋਂ ਉਪਰ ਉਠ ਕੇ ਸਿਰਫ ਉਹੀ ਕੌਂਸਲਰ ਮੇਅਰ ਅਤੇ ਡਿਪਟੀ ਮੇਅਰ ਆਦਿ ਉੱਚ ਪਦਾਂ ਤੇ ਨਿਯੁਕਤ ਕੀਤੇ ਜਾਣ ਜੋ ਬਿਨਾਂ ਕਿਸੇ ਧਾਰਮਿਕ ਜਾਂ ਜਾਤੀ ਭੇਦਭਾਵ ਦੇ ਸਮਾਜਿਕ ਭਾਈਚਾਰਾ ਕਾਇਮ ਕਰਦੇ ਹੋਏ ਪੂਰੀ ਇਮਾਨਦਾਰੀ ਅਤੇ ਨਿਰਪੱਖ ਤਰੀਕੇ ਨਾਲ ਕੰਮ ਕਰਦੇ ਹੋਣ । ਅਜਿਹੇ ਕੌਂਸਲਰਾਂ ਨੂੰ ਜੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ‘ਤੇ ਬਿਠਾਇਆ ਜਾਵੇ, ਇਸ ਦੇ ਨਾਲ ਹੀ ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਨੇ ਮੌਜੂਦਾ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕਿਉਂਕਿ ਪਟਿਆਲਾ ਇੱਕ ਸਾਂਝੀ ਸੱਭਿਆਚਾਰਕ ਵਿਰਾਸਤ ਵਾਲਾ ਸ਼ਹਿਰ ਹੈ, ਇਸ ਲਈ ਪਟਿਆਲਾ ਸ਼ਹਿਰ ਦੇ ਨਾਗਰਿਕਾਂ ਦੀਆਂ ਸੁੱਖ-ਸਹੂਲਤਾਂ ਦੇ ਵਿਕਾਸ ਲਈ ਨਿਰਪੱਖ ਵਿਅਕਤੀਆਂ ਨੂੰ, ਨਗਰ ਨਿਗਮ ਦੇ ਮੇਅਰ ਦੇ ਅਹੁਦੇ ‘ਤੇ ਸ਼ਖਸੀਅਤ (ਭਾਵੇਂ ਉਹ ਕੇਸ਼ਧਾਰੀ ਹੋਵੇ ਜਾਂ ਗੈਰ-ਕੇਸ਼ਧਾਰੀ) ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਆਦਿ ਉੱਚ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਵੀ ਇਸੇ ਗੱਲ ਦਾ ਵੀ ਧਿਆਨ ਰੱਖਿਆ ਜਾਵੇ । ਇਸ ਦੇ ਨਾਲ ਹੀ ਸ਼੍ਰੀ ਲਾਲ ਚੰਦ ਜਿੰਦਲ ਨੇ ਇਹ ਵੀ ਕਿਹਾ ਕਿ ਪਿਛਲੇ ਸੈਂਕੜੇ ਸਾਲਾਂ ਤੋਂ ਸਮੂਹ ਪਟਿਆਲਵੀ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਮਦਦ ਕਰਦੇ ਆ ਰਹੇ ਹਨ, ਇਸ ਲਈ ਇਸ ਸ਼ਾਨਦਾਰ ਪਰੰਪਰਾ ਨੂੰ ਪਹਿਲਾਂ ਵਾਂਗ ਹੀ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ । ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਫੈਸਲੇ ਲੋਕ ਹਿੱਤ ਵਿੱਚ ਹੀ ਲਏ ਜਾਣੇ ਚਾਹੀਦੇ ਹਨ ।