ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਸਮੇਤ ਸੰਤ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਨੂੰ ਸਮਰਪਿਤ ਧਾਰਮਕ ਸਮਾਗਮ
ਗੁਰਦੁਆਰਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ’ਚ ਨਿਰੰਤਰ ਸੇਵਾ ਕਰਨ ਵਾਲੇ ਨੌਜਵਾਨਾਂ ਦਾ ਕੀਤਾ ਸਨਮਾਨ
ਪਟਿਆਲਾ 27 ਦਸੰਬਰ : ਗੁਰਦੁਆਰਾ ਸੰਤ ਕਾਲੀ ਕੰਬਲੀ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਯੋਗ ਅਗਵਾਈ ਵਿਚ ਧਾਰਮਕ ਸਮਾਗਮ ਕਰਵਾਇਆ ਗਿਆ । ਇਹ ਧਾਰਮਕ ਸਮਾਗਮ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਨੂੰ ਸਮਰਪਿਤ ਕੀਤਾ ਗਿਆ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਦਾ ਉਪਰਾਲਾ ਕੀਤਾ । ਧਾਰਮਕ ਸਮਾਗਮ ਦੌਰਾਨ ਬਾਬਾ ਨਛੱਤਰ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਨੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਅਦੁੱਤੀ ਸ਼ਹਾਦਤ ਨੇ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕੀਤਾ ਅੱਜ ਲੋੜ ਹੈ ਕਿ ਉਨ੍ਹਾਂ ਵੱਲੋਂ ਵਿਖਾਏ ਮਾਰਗ ’ਤੇ ਚੱਲਕੇ ਆਪਣੇ ਆਪ ਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਤਾਂ ਕਿ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ । ਇਸ ਦੌਰਾਨ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਨੇ 13 ਪੋਹ 27 ਦਸੰਬਰ 2000 ਵਿਚ ਆਪਣਾ ਪੰਜ ਭੂਤਕ ਸਰੀਰ ਫਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ’ਤੇ ਛੱਡਿਆ ਸੀ । ਉਨ੍ਹਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਜੋ ਖੁਦ ਚਲਦੀ ਫਿਰਦੀ ਯੂਨੀਵਰਸਿਟੀ ਵਿਚ ਸਨ, ਜਿਨਾਂ ਨੇ ਧਰਮ ਦੇ ਮਾਰਗ ’ਤੇ ਚੱਲਦਿਆ ਦੇਸ਼ ਅਤੇ ਵਿਦੇਸ਼ ਦੀ ਧਰਤੀ ’ਤੇ ਪ੍ਰਚਾਰ ਪਸਾਰ ਵਰਗੇ ਮਹਾਨ ਕਾਰਜ ਕਰਦਿਆਂ ਭਟਕੀ ਮਨੁੱਖਤਾ ਨੂੰ ਗੁਰੂ ਸਾਹਿਬਾਨ ਵੱਲੋਂ ਵਿਖਾਏ ਰਸਤੇ ’ਤੇ ਤੋਰਿਆ, ਜਿਨ੍ਹਾਂ ਦਾ ਸਮੁੱਚਾ ਜੀਵਨ ਸਾਰੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ । ਇਸ ਧਾਰਮਕ ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਅਤੇ ਸਖਸ਼ੀਅਤਾਂ ਸਮੇਤ ਸੇਵਾ ’ਚ ਜੁਟੇ ਰਹਿਣ ਵਾਲੇ ਨੌਜਵਾਨਾਂ ਨੂੰ ਸੰਤ ਮਹਾਂਪੁਰਸ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਸਨਮਾਨਤ ਵੀ ਕੀਤਾ । ਅੰਤ ਵਿਚ ਭਾਈ ਗੁਰਦੀਪ ਸਿੰਘ ਨੇ ਪੁੱਜੀਆਂ ਸੰਗਤਾਂ ਆਦਿ ਦਾ ਧੰਨਵਾਦ ਵੀ ਕੀਤਾ ।