ਕਿਸਾਨ ਨੇਤਾ ਨੂੰ ਚੁੱਕਣ ਲਈ ਪੰਜਾਬ ਪੁਲਸ ਨੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀਆਂ ਗੱਡੀਆਂ ਲਗਾਈਆਂ
ਪਾਤੜਾਂ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉਂਦੇ ਪਿੰਡ ਢਾਬੀ ਗੁੱਜਰਾਂ (ਖਨੰਗੇ) ਬਾਰਡਰ `ਤੇ 36 ਦਿਨਾਂ ਤੋਂ ਮਰਨ ਵਰਤ `ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੰਜਾਬ ਪੁਲਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ । ਇਸ ਸਬੰਧੀ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸੋਮਵਾਰ ਸਵੇਰੇ ਹੀ ਪਾਤੜਾਂ ਸ਼ਹਿਰ ਵਿੱਚ ਜਲ ਤੋਪਾਂ ਦੀਆਂ ਗੱਡੀਆਂ, ਅੱਥਰੂ ਗੈਸ ਦੇ ਗੋਲੇ ਦਾਗਣ ਵਾਲੀਆਂ ਗੱਡੀਆਂ ਅਤੇ ਹੋਰ ਪੁਲਸ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ।ਦੱਸਣਯੋਗ ਹੈ ਕਿ ਦੇਰ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਫੇਸਬੁੱਕ ਉਤੇ ਲਾਈਵ ਹੋ ਕੇ ਕਿਸਾਨਾਂ ਨੂੰ ਢਾਬੀ ਗੁਜਰਾਂ ਬਾਰਡਰ `ਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ । ਜਿਕਰਯੋਗ ਹੈ ਕਿ ਉਕਤ ਬਾਰਡਰ `ਤੇ ਕਿਸਾਨਾਂ ਨੇ ਪਦਾਰਥਪੁਰੇ ਨੂੰ ਜਾਂਦੀ ਸੜਕ ਤੋਂ ਥੋੜਾ ਜਿਹਾ ਅੱਗੇ ਟਰਾਲੀਆਂ ਲਗਾ ਕੇ ਪੱਕੇ ਤੱਰ `ਤੇ ਸਟੇਜ ਵੱਲ ਜਾਣ ਵਾਲੇ ਵਾਹਨ ਰੋਕ ਦਿੱਤੇ ਹਨ ਅਤੇ ਸਟੇਜ ਵੱਲ ਜਾਣ ਵਾਲੇ ਹਰ ਵਿਅਕਤੀ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ।