ਪਟਿਆਲਾ : ਆਮ ਆਦਮੀ ਪਾਰਟੀ ਦੇ ਪਟਿਆਲਾ ਤੋ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਬਿਜਲੀ ਦਰਾਂ ਵਿਚ ਕਟੌਤੀ ਕਰਨ ਦਾ ਜੋ ਐਲਾਨ ਕੀਤਾ ਹੈ, ਉਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ । ਉਨ੍ਹਾਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਦਾ ਅੱਜ ਪਟਿਆਲਾ ਪੁੱਜਣ ‘ਤੇ ਸਵਾਗਤ ਕਰਦਿਆਂ ਕੀਤਾ। ਇਸ ਮੌਕੇ ਉਨਾ ਨਾਲ ਸਾਬਕਾ ਮੰਤਰੀ ਚੇਤਨ ਸਿੰਘ ਜੋੜਮਾਜਰਾ, ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੀ ਮੌਜੂਦ ਸਨ ।
ਇਹ ਕਦਮ ਬਿਜਲੀ ਖੇਤਰ ਦੇ ਸਰਕਾਰ ਦੇ ਕੁਸ਼ਲ ਪ੍ਰਬੰਧਨ ਕਾਰਨ ਸੰਭਵ ਹੋਇਆ ਹੈ
ਵਿਧਾਇਕ ਅਜੀਤਪਾਲ ਸਿਘ ਕੋਹਲੀ ਨੇ ਆਖਿਆ ਕਿ ਇਹ ਕਦਮ ਬਿਜਲੀ ਖੇਤਰ ਦੇ ਸਰਕਾਰ ਦੇ ਕੁਸ਼ਲ ਪ੍ਰਬੰਧਨ ਕਾਰਨ ਸੰਭਵ ਹੋਇਆ ਹੈ, ਜਿਸ ਨਾਲ ਸੂਬੇ ਦੇ ਵਿੱਤੀ ਸਰਪਲੱਸ ਬਣਨ ਸਣੇ ਊਰਜਾ ਉਤਪਾਦਨ ਵਿੱਚ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਪਛਵਾੜਾ ਕੋਲਾ ਖਾਨ ਜੋ ਕਿ 2015 ਤੋਂ ਬੰਦ ਸੀ, ਨੂੰ 2022 ਵਿਚ ਆਪ ਸਰਕਾਰ ਦੇ ਅਧੀਨ ਮੁੜ ਸੁਰਜੀਤ ਕੀਤਾ ਗਿਆ ਸੀ, ਜਿਸ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਗਈ ਸੀ । ਪੰਜਾਬ ਸਰਕਾਰ ਨੇ 540 ਮੈਗਾਵਾਟ ਜੀਵੀਕੇ ਥਰਮਲ ਪਲਾਂਟ ਨੂੰ ਸਫਲਤਾਪੂਰਵਕ ਹਾਸਲ ਕੀਤਾ, ਇਸ ਦਾ ਨਾਂ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ । ਇਸ ਕਦਮ ਨੇ ਪੰਜਾਬ ਦੇ ਊਰਜਾ ਉਤਪਾਦਨ ਨੂੰ ਕਾਫ਼ੀ ਵਧਾ ਦਿੱਤਾ ਹੈ, ਜਿਸ ਨਾਲ ਨਿੱਜੀ ਪਾਵਰ ਪਲਾਂਟਾਂ ੋਤੇ ਨਿਰਭਰਤਾ ਘਟੀ ਹੈ।
90 ਫੀਸਦੀ ਘਰਾਂ ਦੇ ਬਿਜਲੀ ਦੇ ਬਿਲ ਆ ਰਹੇ ਹਨ ਜੀਰੋ
ਉਨ੍ਹਾਂ ਦੱਸਿਆ ਕਿ ਜੁਲਾਈ 2022 ਤੋਂ ਪੰਜਾਬ ਸਰਕਾਰ ਨੇ 600 ਯੂਨਿਟ ਤਕ ਵਰਤੋਂ ਕਰਨ ਵਾਲੇ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਸੂਬੇ ਦੇ 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਉਨਾ ਕਿਹਾ ਕਿ ਐਲਾਨੀਆਂ ਗਈਆਂ ਟੈਰਿਫ ਕਟੌਤੀਆਂ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਲਾਗੂ ਹੋਣਗੀਆਂ। ਸੋਧੀਆਂ ਟੈਰਿਫ ਦਰਾਂ ਘਰੇਲੂ ਖਪਤਕਾਰਾਂ ਲਈ ਹਨ, ਜੋ ਪ੍ਰਤੀ ਬਿੱਲ 600 ਯੂਨਿਟ ਤੋਂ ਵੱਧ ਵਰਤ ਰਹੇ ਹਨ । ਦੋ ਕਿਲੋਵਾਟ ਲੋਡ ਤਕ ਬਿੱਲ ਵਿਚ 160 ਰੁਪਏ ਪ੍ਰਤੀ ਮਹੀਨਾ ਘਟਾਏ ਗਏ ਹਨ, 2 ਤੋਂ 7 ਕਿਲੋਵਾਟ ਤਕ ਲੋਡ ਵਾਲੇ ਬਿੱਲ ਵਿੱਚ 90 ਰੁਪਏ ਪ੍ਰਤੀ ਮਹੀਨਾ ਅਤੇ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਬਿੱਲ ਵਿਚ 32 ਰੁਪਏ ਪ੍ਰਥੀ ਮਹੀਨਾ ਘਟਾਏ ਗਏ ਹਨ। ਇਸ ਦੇ ਨਾਲ ਹੀ ਵਪਾਰਕ ਖਪਤਕਾਰਾਂ ਲਈ 500 ਯੂਨਿਟ ਤਕ ਦੀ ਖਪਤ ਲਈ ਟੈਰਿਫ 0.02 ਰੁਪਏ ਯੂਨਿਟ ਘਟਾਏ ਗਏ। ਇਸ ਨਾਲ ਛੋਟੇ ਕਾਰੋਬਾਰਾਂ ਅਤੇ ਵਪਾਰਕ ਅਦਾਰਿਆਂ ਨੂੰ ਕਾਫ਼ੀ ਲਾਭ ਹੋਵੇਗਾ ।
ਕਿਸੇ ਵਰਗ ਲਈ ਕੋਈ ਫਿਕਸਡ ਚਾਰਜ ਨਹੀ ਵਧਾਇਆ : ਕੋਹਲੀ
ਵਿਧਾਇਕ ਅਜੀਤਪਾਲ ਕੋਹਲੀ ਨੇ ਦਸਿਆ ਕਿ ਸਰਕਾਰ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਰਗ ਲਈ ਕੋਈ ਫਿਕਸਡ ਚਾਰਜ ਨਹੀਂ ਵਧਾਇਆ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਸਮਾਜ ਦੇ ਸਾਰੇ ਵਰਗਾਂ ਲਈ ਬਿਜਲੀ ਕਿਫਾਇਤੀ ਰਹੇ। ਪੰਜਾਬ ਸਰਕਾਰ ਲੋਕਾਂ ਲਈ ਨਿਰਵਿਘਨ, ਸਾਫ਼ ਅਤੇ ਕਿਫਾਇਤੀ ਬਿਜਲੀ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, ੋਇਹ ਬਿਜਲੀ ਨੂੰ ਹੋਰ ਕਿਫਾਇਤੀ ਬਣਾਉਣ ਵਲ ਇਕ ਇਤਿਹਾਸਕ ਕਦਮ ਹੈ ।