ਪਟਿਆਲਾ, 21 ਜੂਨ 2025 : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਚਲਾਈ ਜਾ ਰਹੀ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਅੱਜ ਇਥੇ ਗਿਆਰ੍ਹਵਾਂ ਅੰਤਰ-ਰਾਸ਼ਟਰੀ ਯੋਗ ਦਿਵਸ (International Yoga Day) ਮਨਾਇਆ ਗਿਆ, ਜਿਸ ਨੂੰ ਪਟਿਆਲਵੀਆਂ ਦੀ ਲਾਮਿਸਾਲ ਸ਼ਮੂਲੀਅਤ ਨੇ ਸਫਲ ਬਣਾਇਆ ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਥਾਪਰ ਯੂਨੀਵਰਸਿਟੀ ਵਿਖੇ ਸਵੇਰੇ 6 ਤੋਂ 7:30 ਵਜੇ ਤੱਕ ਮਨਾਏ ਗਏ ਇਸ ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ‘ਚ ਵੱਡੀ ਗਿਣਤੀ ਸੀ.ਐਮ. ਦੀ ਯੋਗਸ਼ਾਲਾ ‘ਚ ਰੋਜ਼ਾਨਾ ਸ਼ਮੂਲੀਅਤ ਕਰਨ ਵਾਲੇ ਪਟਿਆਲਵੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਵਿਦਿਆਰਥੀਆਂ, ਖਿਡਾਰੀਆਂ, ਸਥਾਨਕ ਵਾਸੀਆਂ ਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ ।
ਇਸ ਦੌਰਾਨ ਜਿੱਥੇ ਸੀ. ਐਮ. ਦੀ ਯੋਗਸ਼ਾਲਾ ਦੇ ਟਰੇਨਰਾਂ ਤੇ ਆਯੂਸ਼ ਵਿਭਾਗ, ਪੰਜਾਬ ਦੇ ਯੋਗ ਮਾਹਰ ਡਾਕਟਰਾਂ ਨੇ ਯੋਗ ਦੇ ਲਾਭ ਗਿਣਾਉਂਦਿਆਂ ਪ੍ਰਾਣਾਯਾਮ, ਮੰਤਰ ਉਚਾਰਨ ਸਮੇਤ ਪੁਰਾਤਨ ਯੋਗ ਦੇ ਵੱਖ-ਵੱਖ ਯੋਗ ਆਸਣ ਕਰਵਾਏ ਉਥੇ ਹੀ ਵਿਦਿਆਰਥੀਆਂ ਦੀ ਟੀਮ ਨੇ ਸੰਗੀਤਕ ਯੋਗਾ ਦੇ ਕਰਤੱਬ ਦਿਖਾਏ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ 5 ਹਜ਼ਾਰ ਤੋਂ ਵਧੇਰੇ ਪਟਿਆਲਵੀਆਂ ਨੇ ਸ਼ਮੂਲੀਅਤ ਕਰਕੇ ਜਿਥੇ ਨਵਾਂ ਰਿਕਾਰਡ ਬਣਾਇਆ ਹੈ, ਉਥੇ ਹੀ ਯੋਗ ਪ੍ਰਤੀ ਪੈਦਾ ਹੋਈ ਜਾਗਰੂਕਤਾ ਦਾ ਸੁਨੇਹਾ ਵੀ ਦਿੱਤਾ ।
ਇਸ ਮੌਕੇ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਤੰਦਰੁਸਤ ਸੂਬਾ ਬਣੇ, ਜਿਸ ਲਈ ਉਨ੍ਹਾਂ ਵੱਲੋਂ ਸੂਬੇ ਭਰ ਵਿੱਚ ‘ਸੀ.ਐਮ. ਦੀ ਯੋਗਸ਼ਾਲਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਰੋਜ਼ਾਨਾ ਸੂਬੇ ਦੇ ਲੱਖਾਂ ਲੋਕ ਸਵੇਰੇ-ਸ਼ਾਮ ਲਾਭ ਉੱਠਾ ਰਹੇ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਯੋਗ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ. ਐਮ. ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਨਿਰੋਗੀ ਸਿਹਤ ਲਈ ਸੀ. ਐਮ. ਦੀ ਯੋਗਸ਼ਾਲਾ ਅਹਿਮ ਭੂਮਿਕਾ ਨਿਭਾਏਗੀ । ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਸੀ. ਐਮ. ਦੀ ਯੋਗਸ਼ਾਲਾ ਸ਼ੁਰੂ ਕਰਨ ਇਕ ਦੂਰਅੰਦੇਸ਼ੀ ਸੋਚ ਹੈ, ਜੋ ਰੰਗਲਾ ਪੰਜਾਬ ਬਣਾਉਣ ‘ਚ ਅਹਿਮ ਰੋਲ ਅਦਾ ਕਰੇਗੀ ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਨੂੰ ਇਸ ਮੌਜੂਦਾ ਤੇਜ ਰਫ਼ਤਾਰ ਜਿੰਦਗੀ ‘ਚ ਤਣਾਓ ਗ੍ਰਸਤ ਦਿਮਾਗ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗ ਅਪਣਾਉਣਾ ਚਾਹੀਦਾ ਹੈ, ਕਿਉਂਕਿ ਤੰਦਰੁਸਤ ਸਰੀਰ ‘ਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ । ਉਨ੍ਹਾਂ ਕਿਹਾ ਕਿ ਯੋਗ ਕੇਵਲ ਯੋਗ ਦਿਵਸ ‘ਤੇ ਹੀ ਨਹੀਂ ਬਲਕਿ ਰੋਜ਼ਾਨਾ ਕਰਨਾ ਚਾਹੀਦਾ ਹੈ, ਇਸ ਲਈ ਸੀ.ਐਮ. ਦੀ ਯੋਗਸ਼ਾਲਾ ਆਮ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਰੋਜ਼ਾਨਾ ਹਜ਼ਾਰਾ ਵਸਨੀਕ ਸ਼ਮੂਲੀਅਤ ਕਰਦੇ ਹਨ ।
Read More : ਜ਼ਿਲ੍ਹਾ ਕਚਹਿਰੀਆਂ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ