ਪਟਿਆਲਾ, 5 ਜੂਨ 2025 : Patiala city will be transformed in two months: Dr. Balbir Singh : ਪਟਿਆਲਾ ਸ਼ਹਿਰ ਦੀ ਆਉਂਦੇ ਦੋ ਮਹੀਨਿਆਂ `ਚ ਪੂਰੀ ਤਰ੍ਹਾਂ ਕਾਇਆ ਕਲਪ (Transformation) ਕਰਕੇ ਇਸ ਦੀ ਸੁੰਦਰਤਾ ਨੂੰ ਹੋਰ ਨਿਖਾਰਿਆ ਜਾਵੇਗਾ ਸਬੰਧੀ ਆਖਦਿਆਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ, ਸਾਫ਼ ਸੁਥਰੀਆਂ ਸੜਕਾਂ, ਜਗਮਗ ਕਰਦੀਆਂ ਸਟਰੀਟ ਲਾਈਟਾਂ ਸਮੇਤ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪੂਰਾ ਖਾਕਾ ਤਿਆਰ ਹੋ ਚੁੱਕਾ ਹੈ ਤੇ ਕੰਮਾਂ ਦੇ ਟੈਂਡਰ ਕਰ ਦਿੱਤੇ ਗਏ ਹਨ ।
ਵਾਰਡ 17 ਤੇ 55 ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ
ਪਟਿਆਲਾ ਸ਼ਹਿਰ ਨੂੰ ਕੂੜਾ ਮੁਕਤ (Waste free) ਕਰਨ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨਿਗਮ ਵੱਲੋਂ ਵਾਰਡ 17 ਤੇ 55 ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਹੁਣ ਕੂੜਾ ਸਿੱਧਾ ਐਮ. ਆਰ. ਐਫ. ਸੈਂਟਰਾਂ ਵਿੱਚ ਜਾਵੇਗਾ ਤੇ 30 ਜੂਨ ਤੱਕ ਸ਼ਹਿਰ ਵਿੱਚ ਬਣੇ ਸੈਕੰਡਰੀ ਗਾਰਬੇਜ਼ ਪੁਆਇੰਟ ਖਤਮ ਕਰ ਦਿੱਤੇ ਜਾਣਗੇ, ਜਿਸ ਨਾਲ ਕੂੜੇ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ । ਇਥੇ ਹੀ ਬਸ ਨਹੀਂ ਥਾਪਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੂੜੇ ਦੀ ਸਾਇੰਟਿਫਿਕ ਮੈਨੇਜਮੈਂਟ ਵੀ ਕੀਤੀ ਜਾ ਰਹੀ ਹੈ ।
ਕੁੱਤਿਆਂ ਦੀ ਸਟਰਲਾਈਜੇਸ਼ਨ ਕਰਨ ਦੇ ਕੰਮ `ਚ ਲਿਆਂਦੀ ਜਾਵੇਗੀ ਤੇਜ਼ੀ
ਕੁੱਤਿਆਂ ਵੱਲੋਂ ਵੱਢੇ ਜਾਣ ਦੇ ਖਾਸ ਤੌਰ `ਤੇ ਬੱਚਿਆਂ ਦੇ ਹਮਲੇ ਆਦਿ ਦੇ ਮਾਮਲਿਆਂ ਨਾਲ ਨਜਿੱਠਣ ਲਈ ਕੁੱਤਿਆਂ ਦੀ ਸਟਰਲਾਈਜੇਸ਼ਨ ਕਰਨ ਦੇ ਕੰਮ `ਚ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਕੁੱਤਿਆਂ ਦੀ ਸਟਰਲਾਈਜੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ 50 ਕੁੱਤਿਆਂ ਦੀ ਸਟਰਲਾਈਜੇਸ਼ਨ ਕੀਤੀ ਜਾਵੇਗੀ, ਇਸ ਲਈ ਪਸ਼ੂਆਂ ਦੇ ਹਸਪਤਾਲ `ਚ ਕੁੱਤਿਆਂ ਦੀ ਸੰਭਾਲ ਲਈ ਬਣੇ ਕੈਂਨਲ ਦੀ ਗਿਣਤੀ ਵੀ 50 ਤੋਂ ਵਧਾ ਕੇ 200 ਕੀਤੀ ਜਾ ਰਹੀ ਹੈ ।
ਟਰੈਫ਼ਿਕ ਸਮੱਸਿਆ ਦੇ ਹੱਲ ਲਈ ਛੇਤੀ ਸ਼ੁਰੂ ਹੋਣਗੀਆਂ ਇਲੈਕਟ੍ਰਿਕ ਬਸਾਂ
ਸ਼ਾਹੀ ਸ਼ਹਿਰ ਪਟਿਆਲਾ ਵਿਚ ਵਧਦੀ ਜਾ ਰਹੀ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਈ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ 50 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਤੇ ਇਸ ਸਬੰਧੀ ਟੈਂਡਰ ਹੋ ਚੁੱਕਾ ਹੈ ਤੇ ਆਉਂਦੇ ਛੇ ਮਹੀਨਿਆਂ ਤੱਕ ਸ਼ਹਿਰ ਅੰਦਰ ਲੋਕਾਂ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ ।
ਸਟਰੀਟ ਲਾਈਟਾਂ ਖਰਾਬ ਹੋਣ ਦੀ ਸਮੱਸਿਆ ਦੇ ਹੱਲ ਲਈ ਨਿਗਮ ਵੱਲੋਂ ਨਵੀਨਤਮ ਤਕਨਾਲੋਜੀ ਦੀ ਵਰਤੋਂ
ਸ਼ਹਿਰ ਵਿੱਚ ਸਟਰੀਟ ਲਾਈਟਾਂ (Street lights) ਖਰਾਬ ਹੋਣ ਦੀ ਸਮੱਸਿਆ ਦੇ ਹੱਲ ਲਈ ਨਿਗਮ ਵੱਲੋਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਵਿਚ ਲਿਆਂਦੇ ਜਾਣ ਸਬੰਧੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਤਹਿਤ ਸ਼ਹਿਰ ਦੇ ਕਿਸੇ ਵੀ ਇਲਾਕੇ ਦੀ ਕੋਈ ਵੀ ਲਾਈਟ ਖਰਾਬ ਹੋਣ ਦੀ ਸੂਚਨਾ ਸਾਫਟਵੇਅਰ ਰਾਹੀਂ ਸਬੰਧਤ ਸ਼ਾਖਾ ਦੇ ਸਬੰਧਤ ਅਧਿਕਾਰੀ ਪਾਸ ਪਹੁੰਚ ਜਾਵੇਗੀ ਅਤੇ ਇਸ ਨਾਲ ਸਟਰੀਟ ਲਾਈਟਾਂ ਖਰਾਬ ਰਹਿਣ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਜਾਵੇਗੀ ਤੇ ਸ਼ਹਿਰ ਰਾਤ ਸਮੇਂ ਜਗਮਗ ਕਰੇਗਾ ।
ਰਜਿੰਦਰਾ ਝੀਲ ਵਿੱਚ ਜਲਦੀ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ
ਪਟਿਆਲਾ ਦੀ ਮਾਲ ਰੋਡ ਤੇ ਬਣੀ ਰਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਦਾ ਕੰਮ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਇਸ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਰਜਿੰਦਰਾ ਝੀਲ ਵਿੱਚ ਜਲਦੀ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਇਥੇ ਕਿਸ਼ਤੀਆਂ ਵੀ ਚੱਲਣਗੀਆਂ ਤੇ ਇਸ ਨੂੰ ਪਿਕਨਿਕ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ।
ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੂਰੀ ਯੋਜਨਾ ਕਰ ਲਈ ਹੈ ਤਿਆਰ
ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਣਾਈ ਗਈ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਯੋਜਨਾ ਤਹਿਤ ਡੀਅਰ ਪਾਰਕ ਕੋਲ ਲੱਗਦੀ ਡਾਫ ਦਾ ਸਥਾਈ ਹੱਲ ਕਰਦਿਆਂ ਉਸ ਨੂੰ ਚੌੜਾ ਕੀਤਾ ਜਾਵੇਗਾ ।
ਇਸ ਤਰ੍ਹਾਂ ਪਾਣੀ ਨੂੰ ਰੀਚਾਰਜ ਕਰਨ ਲਈ ਚੰਡੀਗੜ੍ਹ ਤੋਂ ਪਟਿਆਲਾ ਤੱਕ ਪਟਿਆਲਾ ਦਾ ਰਾਓ `ਚ ਇਕ ਹਜ਼ਾਰ ਖੂਹ ਬਣਾਏ ਜਾਣਗੇ ਨਦੀ ਨਾਲ ਲੱਗਦੀ ਜੰਗਲਾਤ ਦੀ 750 ਏਕੜ ਜਮੀਨ `ਚ ਬੂਟੇ ਲਗਾਏ ਜਾਣਗੇ ਤੇ ਨਦੀ ਦੇ ਪਾਣੀ ਵੱਧਣ `ਤੇ ਇਹ ਪਾਣੀ ਇਸ ਜਗ੍ਹਾ ਵਿੱਚ ਛੱਡਿਆ ਜਾਵੇਗਾ, ਇਸ ਨਾਲ ਆਲੇ ਦੁਆਲੇ ਦੇ ਪਿੰਡਾਂ ਦੀ ਫਸਲ ਪਾਣੀ ਦੀ ਮਾਰ ਤੋਂ ਬਚੇਗੀ ਤੇ ਸ਼ਹਿਰ `ਚ ਵੀ ਹੜ੍ਹ ਨਹੀਂ ਆਉਣਗੇ ।
ਕੌਸਲਰ ਵਾਰਡਾਂ `ਚ ਰੰਗਲਾ ਵਾਰਡ ਕਮੇਟੀਆਂ ਦਾ ਗਠਨ ਕਰਕੇ ਆਪਣੇ ਵਾਰਡਾਂ ਦਾ ਵਿਕਾਸ ਕਰਨ
ਵਾਰਡ ਨੰਬਰ 14 ਤੋਂ 29 ਤੱਕ ਦੇ ਕੌਸਲਰਾਂ ਨਾਲ ਮੀਟਿੰਗ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਵਾਰਡਾਂ `ਚ ਰੰਗਲਾ ਵਾਰਡ ਕਮੇਟੀਆਂ ਦਾ ਗਠਨ ਕਰਕੇ ਆਪਣੇ ਵਾਰਡਾਂ ਦਾ ਵਿਕਾਸ ਕਰਨ । ਉਨ੍ਹਾਂ ਕਿਹਾ ਕਿ ਜਿਸ ਵਾਰਡ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਜ਼ਰੂਰਤ ਹੈ, ਉਹ ਤੁਰੰਤ ਮੁਹੱਈਆ ਕਰਵਾਏ ਜਾਣਗੇ ।
ਉਨ੍ਹਾਂ ਕੌਸਲਰਾਂ ਨੂੰ ਆਪਣੇ ਖੇਤਰ ਦੇ ਆਮ ਆਦਮੀ ਕਲੀਨਿਕ `ਚ ਆਪਣੀ ਵਾਰਡ ਦੇ 50 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਦੇ ਬੀ. ਪੀ., ਸ਼ੂਗਰ, ਖੂਨ ਦੇ ਟੈਸਟ ਕਰਵਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀ ਜਾ ਸਕਣ । ਉਨ੍ਹਾਂ ਹਰੇਕ ਵਾਰਡ `ਚ ਸੀਵਰੇਜ ਦੀ ਸਫ਼ਾਈ ਲਈ ਸ਼ਡਿਊਲ ਤਿਆਰ ਕਰਨ ਲਈ ਵੀ ਕਿਹਾ ਤਾਂ ਜੋ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ ।
ਸ਼ਹਿਰ ਵਾਸੀਆਂ ਦੀ ਹਰੇਕ ਮੁਸ਼ਕਲ ਦੇ ਹੱਲ ਲਈ 24 ਘੰਟੇ ਹਾਜ਼ਰ ਹਨ : ਮੇਅਰ
ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਵਾਰਡਾਂ `ਚ ਕੀਤੇ ਜਾ ਰਹੇ ਕੰਮਾਂ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ ਤੇ ਸ਼ਹਿਰ ਵਾਸੀਆਂ ਦੀ ਹਰੇਕ ਮੁਸ਼ਕਲ ਦੇ ਹੱਲ ਲਈ 24 ਘੰਟੇ ਹਾਜ਼ਰ ਹਨ । ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਲੋਕਾਂ ਨੂੰ ਅਤਿ ਆਧੁਨਿਕ ਬੁਨਿਆਦੀ ਸਹੂਲਤਾਂ ਦੇਣ ਲਈ 20 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ, ਜਿਨ੍ਹਾਂ ਦੇ ਕੰਮ ਆਉਂਦੇ ਦਿਨਾਂ ਵਿੱਚ ਸ਼ੁਰੂ ਹੋ ਜਾਣਗੇ । ਇਸ ਮੌਕੇ ਕੌਸਲਰ ਜਸਬੀਰ ਗਾਂਧੀ, ਗਿਆਨ ਚੰਦ, ਮੁਕਤਾ ਗੁਪਤਾ, ਰੋਹਿਤ ਸਮੇਤ ਨਗਰ ਨਿਗਮ ਦੀਆਂ ਵੱਖ ਵੱਖ ਸ਼ਾਖਾਵਾਂ ਦੇ ਅਧਿਕਾਰੀ ਮੌਜੂਦ ਸਨ ।
Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ‘ਚ ਵਿਕਾਸ ਕੰਮਾਂ ਦਾ ਜਾਇਜ਼ਾ