ਐਨ. ਆਈ. ਏ. ਨੇ ਕੀਤਾ ਪਾਕਿ ਏਜੰਟਾਂ ਨੂੰ ਅਹਿਮ ਰੱਖਿਆ ਭੇਤ ਦੇਣ ਦੇ ਦੋਸ਼ ਹੇਠ ਤਿੰਨ ਨੂੰ ਗ੍ਰਿਫ਼ਤਾਰ
ਨਵੀਂ ਦਿੱਲੀ, 19 ਫਰਵਰੀ : ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜੋ ਅਤਿਵਾਦ ਵਿਰੋਧੀ ਜਾਂਚ ਕਰਨ ਵਾਲੀ ਸੰਘੀ ਏਜੰਸੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਵਲੋਂ ਅੱਜ ਪਾਕਿਸਤਾਨ ਸਥਿਤ ਖੂਫੀਆ ਏਜੰਟਾਂ ਨੂੰ ਦੇਸ਼ ਦੀ ਰੱਖਿਆ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਕੌਮੀ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਕਾਰ ਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ ‘ਤੇ ਦੇਸ਼ ਧਰੋਹ ਕਰਦੇ ਹੋਏ ਭਾਰਤੀ ਰੱਖਿਆ ਟਿਕਾਣਿਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਦੁਸ਼ਮਣ ਨੂੰ ਦੇ ਰਹੇ ਸਨ । ਮੁਲਜ਼ਮਾਂ ਦੀ ਪਛਾਣ ਵੇਤਾਨ ਲਕਸ਼ਮਣ ਟੰਡੇਲ, ਅਕਸ਼ੈ ਰਵੀ ਨਾਇਕ ਅਤੇ ਅਭਿਲਾਸ਼ ਪੀ. ਏ. ਵਜੋਂ ਹੋਈ ਹੈ । ਏਜੰਸੀ ਨੇ ਕਿਹਾ ਕਿ ਟੰਡੇਲ ਅਤੇ ਨਾਇਕ ਨੂੰ ਕਰਨਾਟਕ ਦੇ ਉੱਤਰ ਕੰਨੜ ਜਿ਼ਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂਕਿ ਅਭਿਲਾਸ਼ ਪੀ. ਏ. ਨੂੰ ਕੇਰਲ ਦੇ ਕੋਚੀ ਤੋਂ ਫੜਿਆ ਗਿਆ ਹੈ । ਸਥਾਨਕ ਪੁਲਸ ਦੀ ਸਹਾਇਤਾ ਨਾਲ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ ਦੇ ਸੰਪਰਕ ਵਿੱਚ ਪਾਏ ਗਏ ਹਨ । ਐਨ. ਆਈ. ਏ. ਦੀ ਜਾਂਚ ਅਨੁਸਾਰ ਉਹ ਕਾਰਵਾਰ ਨੇਵਲ ਬੇਸ ਅਤੇ ਕੋਚੀ ਨੇਵਲ ਬੇਸ ‘ਤੇ ਭਾਰਤੀ ਰੱਖਿਆ ਸਥਾਪਨਾਵਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਹੇ ਸਨ ਅਤੇ ਜਾਣਕਾਰੀ ਦੇ ਬਦਲੇ ਪੀ. ਆਈ. ਓਜ. ਤੋਂ ਪੈਸੇ ਲੈ ਰਹੇ ਸਨ।ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇਹ ਤਿੰਨ ਵੀ ਸ਼ਾਮਲ ਹਨ ।