ਪਟਿਆਲਾ’ਚ ਫਲਾਵਰ ਅਤੇ ਫੂਡ ਫੈਸਟੀਵਲ ਦਾ ਆਯੋਜਨ
ਪਟਿਆਲਾ 13 ਫਰਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਦੇ ਬਾਰਾਂਦਰੀ ਬਾਗ ਵਿੱਚ ਫਲਾਵਰ ਅਤੇ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਪ੍ਰਦਰਸ਼ਨੀ ਅਤੇ ਸਟਰੀਟ ਫੂਡ ਅਤੇ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਲਗਾਈਆਂ ਗਈਆਂ । ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਵਿਰਾਸਤੀ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਟਿਆਲਵੀਆਂ ਨੇ ਹਿੱਸਾ ਲਿਆ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਵਿਰਾਸਤੀ ਮੇਲਾ ਕਰਵਾਉਣ ਦਾ ਮੁੱਖ ਮਕਸਦ ਪਟਿਆਲਵੀਆਂ ਨੂੰ ਸ਼ੁੱਧ ਤੇ ਪੌਸ਼ਟਿਕ ਖਾਣ-ਪੀਣ ਲਈ ਉਤਸ਼ਾਹਿਤ ਕਰਨਾ ਹੈ । ਉਹਨਾਂ ਕਿਹਾ ਕਿ ਅਜਿਹੇ ਫੈਸਟੀਵਲ ਵਿੱਚ ਹਿੱਸਾ ਲੈਣ ਨਾਲ ਸਾਨੂੰ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸ਼ੋਅ ਦਾ ਮੁੱਖ ਟੀਚਾ ਆਮ ਲੋਕਾਂ ਨੂੰ ਫੁੱਲਾਂ ਦੀ ਕਾਸ਼ਤ ਪ੍ਰਤੀ ਪ੍ਰਰਿਤ ਕਰਨਾ ਹੈ । ਉਹਨਾਂ ਹੋਰਟੀਕਲਚਰ ਵਿਭਾਗ ਦੇ ਅਧਿਕਾਰੀਆਂ ਨੂੰ ਬਾਰਾਂਦਰੀ ਬਾਗ ਦੀ ਸੁੰਦਰਤਾ ਵਧਾਉਣ, ਸਾਫ ਸਫਾਈ ਦੇ ਰੱਖ ਰਖਾਓ , ਬੱਚਿਆਂ ਲਈ ਲੱਗੇ ਝੂਲਿਆਂ ਦੀ ਸੁਰੱਖਿਆ ਤੇ ਓਪਨ ਜਿੰਮ, ਫੁਹਾਰੇ ਚਲਾਉਣ ਅਤੇ ਬਾਗ ਦੇ ਰੱਖ ਰਖਾਓ ਚ ਸੁਧਾਰ ਲਿਆਉਣ ਦੇ ਆਦੇਸ਼ ਦਿੱਤੇ । ਹੋਰਟੀਕਲਚਰ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਦੌਰਾਨ ਕੱਟ ਫਲਾਵਰ, ਫਲਾਵਰ ਪੋਟਸ ਅਤੇ ਕੈਕਟਸ ਅਤੇ ਬੋਨਸਾਈ ਆਦਿ ਦੇ ਮੁਕਾਬਲੇ ਕਰਵਾਏ ਗਏ । ਉਹਨਾਂ ਦੱਸਿਆ ਕਿ ਮੇਲੇ ਵਿੱਚ 20 ਫੂਡ ਦੀਆਂ ਸਟਾਲਾਂ ਅਤੇ 25 ਓਰਗੈਨਿਕ ਸਟਾਲਾਂ ਅਤੇ ਦੋ ਹਜਾਰ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ । ਉਹਨਾਂ ਕਿਹਾ ਕਿ ਮੇਲੇ ਦੇ ਨੋਡਲ ਅਫਸਰ ਕਮ ਐਸ. ਡੀ. ਐਮ. ਨਾਭਾ ਡਾ ਇਸਮਿਤ ਵਿਜੇ ਸਿੰਘ ਨੇ 30 ਜੇਤੂ ਉਮੀਦਵਾਰਾਂ ਨੂੰ ਇਨਾਮ ਵੀ ਵੰਡੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਕਮਿਸ਼ਨਰ ਨਗਰ ਨਿਗਮ ਰਜਤ ਓਬਰਾਏ, ਸਮੂਹ ਐਸ. ਡੀ. ਐਮਜ਼. ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ ।