ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਗਈ ‘ਪੰਜ ਰੋਜ਼ਾ ਵਰਕਸ਼ਾਪ’

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਗਈ ‘ਪੰਜ ਰੋਜ਼ਾ ਵਰਕਸ਼ਾਪ’
-ਵਿਦਿਆਰਥੀਆਂ ਨੂੰ ਦਿੱਤੀ ਗਈ ਲੋਕ ਸਾਜ਼ਾਂ ਦੀ ਸਿਖਲਾਈ
ਪਟਿਆਲਾ, 19 ਫ਼ਰਵਰੀ : ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਈ ਗਈ ‘ਪੰਜ ਰੋਜ਼ਾ ਵਰਕਸ਼ਾਪ’ ਵਿੱਚ ਵਿਦਿਆਰਥੀਆਂ ਨੂੰ ਲੋਕ ਸਾਜ਼ਾਂ ਦੀ ਸਿਖਲਾਈ ਦਿੱਤੀ ਗਈ । ਵਿਭਾਗ ਮੁਖੀ ਡਾ. ਅਲੰਕਾਰ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਪੰਜਾਬੀ ਲੋਕ ਸੰਗੀਤ ਅਤੇ ਲੋਕ ਸਾਜ਼ਾਂ ਦੇ ਉੱਘੇ ਮਾਹਿਰ ਵਿਜੈ ਯਮਲਾ ਨੇ ਵਿਦਿਆਰਥੀਆਂ ਨੂੰ ਪੰਜਾਬੀ ਲੋਕ ਸਾਜ਼ਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਵਾਦਨ ਦਾ ਢੰਗ ਵੀ ਦੱਸਿਆ ਗਿਆ । ਉਨ੍ਹਾਂ ਦੱਸਿਆ ਕਿ ਮੁੱਖ ਰੂਪ ਵਿਚ ਪੰਜਾਬੀ ਲੋਕ ਸੰਗੀਤ ਅਤੇ ਸੂਫ਼ੀ ਸੰਗੀਤ ਦਾ ਡਿਪਲੋਮਾ ਕਰ ਰਹੇ ਵਿਦਿਆਰਥੀਆਂ ਦੇ ਨਾਲ -ਨਾਲ ਵਿਭਾਗ ਦੇ ਹੋਰ ਕੋਰਸਾਂ ਦੇ ਵਿਦਿਆਰਥੀਆਂ ਨੇ ਵੀ ਇਸ ਵਿਚ ਸ਼ਮੂਲੀਅਤ ਕੀਤੀ । ਵਰਣਨਯੋਗ ਹੈ ਕਿ ਵਿਜੈ ਯਮਲਾ ਪੰਜਾਬੀ ਲੋਕ ਗਾਇਕ ਮਰਹੂਮ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਹਨ ਅਤੇ ਪੰਜਾਬੀ ਲੋਕ ਗਾਇਕੀ ਦੇ ਵਿਸ਼ਵ ਵਿਖਿਆਤ ਮਾਹਿਰ ਹਨ । ਉਨ੍ਹਾਂ ਦੱਸਿਆ ਕਿ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਪੰਜਾਬੀ ਲੋਕ ਸਾਜ਼ਾਂ ਜਿਵੇਂ ਤੂੰਬੀ, ਢੋਲ, ਡਫ਼, ਖੰਜਰੀ, ਚਿਮਟਾ, ਬੁਘਦੂ, ਕਾਟੋ, ਸੱਪ ਆਦਿ ਦੀ ਸਿਖਲਾਈ ਦਿੱਤੀ ਗਈ ਅਤੇ ਨਾਲ ਹੀ ਲੋਕ ਵੰਨਗੀਆਂ ਦਾ ਗਾਇਨ ਵੀ ਸਿਖਾਇਆ ਗਿਆ। ਡਾ. ਅਲੰਕਾਰ ਸਿੰਘ ਨੇ ਵਿਜੈ ਯਮਲਾ ਦੀਆਂ ਵਿਭਾਗ ਪ੍ਰਤੀ ਸੇਵਾਵਾਂ ਲਈ ਉਹਨਾਂ ਦਾ ਸ਼ੁਕਰੀਆ ਕਰਦੇ ਹੋਏ ਅਜਿਹੇ ਆਯੋਜਨਾਂ ਨੂੰ ਵਿਦਿਆਰਥੀਆਂ ਲਈ ਬੇਹਦ ਲਾਭਦਾਇਕ ਅਤੇ ਸਾਰਥਕ ਦੱਸਿਆ । ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁੱਖ ਉਦੇਸ਼ ਦੀ ਪੂਰਤੀ ਵੀ ਕਰਦੇ ਹਨ । ਇਸ ਮੌਕੇ ਪ੍ਰੋ. ਨਿਵੇਦਿਤਾ ਉੱਪਲ, ਡਾ. ਨਿਰਮਲ ਸਿੰਘ ਅਤੇ ਗੈਸਟ ਫ਼ੈਕਲਟੀ ਰਜਿੰਦਰ ਸਿੰਘ ਵੀ ਮੌਜੂਦ ਰਹੇ ।

Leave a Comment

Your email address will not be published. Required fields are marked *

Scroll to Top