ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਧਰਮਿੰਦਰ ਸਿੰਘ ਉੱਭਾ ਦਾ ਕਾਵਿ-ਸੰਗ੍ਰਹਿ ‘ਉੱਠਣ ਸਾਰ’ ਰਿਲੀਜ਼

ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਧਰਮਿੰਦਰ ਸਿੰਘ ਉੱਭਾ ਦਾ ਕਾਵਿ-ਸੰਗ੍ਰਹਿ ‘ਉੱਠਣ ਸਾਰ’ ਰਿਲੀਜ਼
ਪਟਿਆਲਾ : ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਇੱਕ ਸਾਹਿਤਕ ਸਮਾਗਮ ਦੌਰਾਨ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੇ ਕਾਵਿ ਸੰਗ੍ਰਹਿ ‘ਉੱਠਣ ਸਾਰ’ ਨੂੰ ਰਿਲੀਜ਼ ਕੀਤਾ ਗਿਆ । ਇਹ ਸਮਾਗਮ ਸਾਹਿਤ ਪ੍ਰੇਮੀਆਂ ਅਤੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਮੌਕਾ ਸਾਬਤ ਹੋਇਆ, ਜਿਸ ਵਿੱਚ ਪੰਜਾਬੀ ਸਾਹਿਤ ਦੀ ਗਹਿਰਾਈ ਅਤੇ ਸੰਵੇਦਨਸ਼ੀਲਤਾ ਨੂੰ ਮਹਿਸੂਸ ਵੀ ਕੀਤਾ ਗਿਆ ਅਤੇ ਇਸ ਬਾਰੇ ਚਰਚਾ ਵੀ ਕੀਤੀ ਗਈ। ਵਰਨਣਯੋਗ ਹੈ ਕਿ ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਡਾ. ਉੱਭਾ ਛੇ ਕਾਵਿ ਸੰਗ੍ਰਹਿ ਛਪ ਚੁੱਕੇ ਹਨ । ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਦੇ ਕਾਵਿਕ ਸਫਰ ਸਬੰਧੀ ਵਿਚਾਰ ਪੇਸ਼ ਕਰਦੇ ਹੋਏ ਡਾ. ਦਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ‘ਉੱਠਣ ਸਾਰ’ ਦੀਆਂ ਕਵਿਤਾਵਾਂ ਦੀ ਸਾਹਿਤਕ ਮਹੱਤਤਾ ’ਤੇ ਰੌਸ਼ਨੀ ਪਾਈ । ਉਨ੍ਹਾਂ ਕਿਹਾ ਕਿ ਇਹ ਕਾਵਿ ਸੰਗ੍ਰਹਿ ਡਾ. ਉੱਭਾ ਦੀ ਸੰਵੇਦਨਸ਼ੀਲਤਾ ਅਤੇ ਜੀਵਨ ਦੇ ਬਾਰੀਕ ਪਹਿਲੂਆਂ ਨੂੰ ਸ਼ਬਦਾਂ ਵਿੱਚ ਪਰੋਣ ਦੀ ਕਲਾ ਦਾ ਸ਼ਾਨਦਾਰ ਨਮੂਨਾ ਹੈ । ਉਨ੍ਹਾਂ ਅੱਗੇ ਕਿਹਾ ਕਿ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਰੋਜ਼ਾਨਾ ਜੀਵਨ ਦੇ ਅਨੁਭਵਾਂ ਨੂੰ ਗਹਿਰੇ ਫ਼ਲਸਫ਼ੇ ਨਾਲ ਜੋੜਿਆ ਗਿਆ ਹੈ, ਜੋ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ।
ਸਮਾਗਮ ਦੌਰਾਨ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੀ ਕਾਵਿਕ ਯਾਤਰਾ ਬਾਰੇ ਗੱਲਬਾਤ ਕੀਤੀ । ਉਨ੍ਹਾਂ ਦੱਸਿਆ ਕਿ ‘ਉੱਠਣ ਸਾਰ’ ਉਨ੍ਹਾਂ ਦੇ ਅਨੁਭਵਾਂ, ਵਿਚਾਰਾਂ ਅਤੇ ਜੀਵਨ ਦੇ ਉਤਾਰ-ਚੜ੍ਹਾਵਾਂ ਦਾ ਪ੍ਰਤੀਬਿੰਬ ਹੈ । ਉਨ੍ਹਾਂ ਨੇ ਆਪਣੀਆਂ ਕੁਝ ਚੁਣੀਆਂ ਹੋਈਆਂ ਕਵਿਤਾਵਾਂ ਵੀ ਸੁਣਾਈਆਂ, ਜਿਨ੍ਹਾਂ ਨੂੰ ਸਰੋਤਿਆਂ ਨੇ ਖ਼ੂਬ ਸਰਾਹਿਆ। ਇਨ੍ਹਾਂ ਕਵਿਤਾਵਾਂ ਵਿੱਚ ਜਿੱਥੇ ਇੱਕ ਪਾਸੇ ਜੀਵਨ ਦੀ ਸਾਦਗੀ ਦਾ ਬਿਆਨ ਸੀ, ਉੱਥੇ ਹੀ ਸਮਾਜਿਕ ਮੁੱਦਿਆਂ ਦਾ ਗੰਭੀਰ ਚਿੰਤਨ ਵੀ ਸੀ। ਇਸ ਮੌਕੇ ਖ਼ਾਲਸਾ ਕਾਲਜ ਦੇ ਸੀਨੀਅਰ ਸਟਾਫ ਮੈਂਬਰਾਂ ਨੇ ਡਾ. ਉੱਭਾ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ । ਇਹ ਸਮਾਗਮ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਖ਼ਾਲਸਾ ਕਾਲਜ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ । ‘ਉੱਠਣ ਸਾਰ’ ਦੀ ਰਿਲੀਜ਼ ਨਾਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਕੇਵਲ ਇੱਕ ਸਮਰੱਥ ਸਿੱਖਿਅਕ ਅਤੇ ਪ੍ਰਬੰਧਕ ਹੀ ਨਹੀਂ ਹਨ, ਸਗੋਂ ਇੱਕ ਸੰਵੇਦਨਸ਼ੀਲ ਕਵੀ ਵੀ ਹਨ, ਜਿਨ੍ਹਾਂ ਦੀਆਂ ਰਚਨਾਵਾਂ ਸਮਾਜ ਦਾ ਆਈਨਾ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸਵਰਨਜੀਤ ਕੌਰ ਉੱਭਾ, ਕੁਨਾਲ ਰਹੇਜਾ, ਸਿਰਜਣਦੀਪ ਕੌਰ, ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਵਾਇਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਤੇ ਡਾ. ਗੁਰਮੀਤ ਸਿੰਘ ਤੋਂ ਇਲਾਵਾ ਵੱਖ-ਵੱਖ ਫੈਕਲਟੀ ਦੇ ਡੀਨ ਸਾਹਿਬਾਨ ਅਤੇ ਸੀਨੀਅਰ ਸਟਾਫ ਮੈਂਬਰ ਵੀ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top