ਸੰਗਰੂਰ, 29 ਅਪ੍ਰੈਲ 2025 : DC holds meeting with officials ahead of NEET exam in Sangrur : ਜ਼ਿਲ੍ਹਾ ਸੰਗਰੂਰ (Sangrur District) ਵਿੱਚ 4 ਮਈ ਐਤਵਾਰ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਲਵਪ੍ਰੀਤ ਸਿੰਘ ਔਲਖ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ, ਪੁਲਸ ਵਿਭਾਗ ਅਤੇ ਹੋਰਨਾਂ ਵਿਭਾਗੀ ਅਧਿਕਾਰੀਆਂ ਨੂੰ ਸਮਾਂ ਰਹਿੰਦਿਆਂ ਨੀਟ ਪ੍ਰੀਖਿਆ (NEET exam) ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ । ਉਹਨਾਂ ਦੱਸਿਆ ਕਿ ਇਹਨਾਂ ਪ੍ਰਬੰਧਾਂ ਵਿੱਚ ਸੈਂਟਰਾਂ ਵਿਖੇ ਤਜਰਬੇਕਾਰ ਸਟਾਫ, ਟ੍ਰੈਫਿਕ ਪਲਾਨ ਆਦਿ ਵਿੱਚ ਤਰੁੱਟੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਪ੍ਰੀਖਿਆ ਵਿੱਚ ਬੈਠਣਗੇ 1635 ਉਮੀਦਵਾਰ
ਡਿਪਟੀ ਕਮਿਸ਼ਨਰ (Deputy Commissioner) ਨੇ ਦੱਸਿਆ ਕਿ ਇਹ ਪ੍ਰੀਖਿਆ ਮਦਨ ਸਿੰਘ ਕਪੂਰ ਪੀ. ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੰਗਰੂਰ, ਕੇਂਦਰੀ ਵਿਦਿਆਲਿਆ ਸਲਾਈਟ ਲੌਂਗੋਵਾਲ, ਪੀ. ਐੱਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ, ਸੁਤੰਤਰਤਾ ਸੰਗਰਾਮੀ ਜੱਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ਼ ਐਮੀਨਾਂਸ ਸੰਗਰੂਰ, ਮਾਤਾ ਰਾਜ ਕੌਰ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਅਤੇ ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਹੋਵੇਗੀ ਅਤੇ ਇਸ ਪ੍ਰੀਖਿਆ ਵਿੱਚ 1635 ਉਮੀਦਵਾਰ ਬੈਠਣਗੇ ।
ਨਿਤਿਨ ਦੇਵ ਨੋਡਲ ਅਧਿਕਾਰੀ ਤਾਇਨਾਤ
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨੀਟ ਦੀ ਪ੍ਰੀਖਿਆ ਸੁਚਾਰੂ ਤਰੀਕੇ ਨਾਲ ਮੁਕੰਮਲ ਕਰਨ ਲਈ ਅਤੇ ਪ੍ਰੀਖਿਆ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਲਈ ਨਿਤਿਨ ਦੇਵ ਨੂੰ ਨੋਡਲ ਅਧਿਕਾਰੀ (Nitin Dev appointed as nodal officer) ਤਾਇਨਾਤ ਕੀਤਾ ਗਿਆ ਹੈ । ਇਸੇ ਤਰ੍ਹਾਂ ਹੈਲਪਲਾਈਨ ਨੰਬਰ 9419265833 ਅਤੇ 8360277500 ਵੀ ਜਾਰੀ ਕੀਤੇ ਗਏ ਹਨ । ਉਹਨਾਂ ਕਿਹਾ ਕਿ ਨੀਟ ਦੀ ਪ੍ਰੀਖਿਆ ਪੂਰੀ ਪਾਰਦਰਸ਼ਤਾ ਅਤੇ ਸੁਖਾਵੇਂ ਮਾਹੌਲ ਵਿੱਚ ਹੋਵੇ, ਇਸ ਲਈ ਸਮੂਹ ਅਧਿਕਾਰੀ ਆਪੋ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ।
ਪ੍ਰੀਖਿਆਰਥੀ 1:30 ਵਜੇ ਤੋਂ ਪਹਿਲਾਂ ਪ੍ਰੀਖਿਆ ਕੇਂਦਰਾਂ ਅੰਦਰ ਪਹੁੰਚਣ
ਡਿਪਟੀ ਕਮਿਸ਼ਨਰ ਨੇ ਇਸ ਪ੍ਰੀਖਿਆ ਵਿੱਚ ਬੈਠਣ ਵਾਲੇ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆ ਲਈ ਦੁਪਹਿਰ 1:30 ਵਜੇ ਤੋਂ ਪਹਿਲਾਂ ਪਹਿਲਾਂ (Arrive for the exam before 1:30 PM.) ਪ੍ਰੀਖਿਆ ਕੇਂਦਰਾਂ ਅੰਦਰ ਪਹੁੰਚਣ ਤਾਂ ਜੋ ਉਹਨਾਂ ਨੂੰ ਆਖਰੀ ਸਮੇਂ ਕਿਸੇ ਵੀ ਪ੍ਰੇਸ਼ਾਨੀ ਜਾਂ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਹੋਵੇਗਾ ।
ਪ੍ਰੀਖਿਆ ਕੇਂਦਰਾਂ ਵਿੱਚ ਐਂਟਰੀ ਦਾਖ਼ਲਾ ਕਾਰਡ ਨਾਲ ਹੀ ਹੋਵੇਗੀ । ਉਮੀਦਵਾਰ ਕੋਲ ਸ਼ਨਾਖ਼ਤ ਦਸਤਵੇਜ਼ ਵਜੋਂ ਅਧਾਰ ਕਾਰਡ ਹੋਣਾ ਵੀ ਲਾਜ਼ਮੀ ਹੈ । ਉਹਨਾਂ ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਦਾਖ਼ਲਾ ਕਾਰਡ ਉੱਤੇ ਦਿੱਤੀਆਂ ਸ਼ਰਤਾਂ ਅਤੇ ਅਗਵਾਹੀ ਲੀਹਾਂ ਨੂੰ ਪੜ੍ਹ ਕੇ ਆਉਣ ਤਾਂ ਜੋ ਪ੍ਰੀਖਿਆ ਮੌਕੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ ।