ਸੜਕ ਤੇ ਬਾਈਕ ਪਾਰਕ ਕਰਨ ਨੂੰ ਲੈ ਕੇ ਸ਼ੋਅਰੂਮ ਮਾਲਕ ਤੇ ਕੌਂਸਲਰ ਵਿਚਕਾਰ ਹੋਇਆ ਝਗੜਾ

ਸੜਕ ਤੇ ਬਾਈਕ ਪਾਰਕ ਕਰਨ ਨੂੰ ਲੈ ਕੇ ਸ਼ੋਅਰੂਮ ਮਾਲਕ ਤੇ ਕੌਂਸਲਰ ਵਿਚਕਾਰ ਹੋਇਆ ਝਗੜਾ
ਰਿਸ਼ੀਕੇਸ : ਭਾਰਤ ਦੇਸ਼ ਦੇ ਸ਼ਹਿਰ ਰਿਸ਼ੀਕੇਸ਼ ਦੇ ਸਰਵਹਰਾ ਨਗਰ ਵਿੱਚ ਬਾਈਕ ਸ਼ੋਅਰੂਮ ਦੇ ਮਾਲਕ ਅਤੇ ਕੌਂਸਲਰ ਵਿਚਕਾਰ ਪਾਰਕਿੰਗ ਨੂੰ ਲੈ ਕੇ ਉਸ ਸਮੇਂ ਝਗੜਾ ਹੋ ਗਿਆ ਜਦੋਂ ਕੌਂਸਲਰ ਵਲੋਂ ਸ਼ੋਅਰੂਮ ਦੇ ਮਾਲਕਾਂ ਨੂੰ ਸ਼ੋਅਰੂਮ ਵਿਚ ਜਾ ਕੇ ਸੜਕ ਤੇ ਪਾਰਕ ਕੀਤੇ ਬਾਈਕਸ ਕਾਰਨ ਪੇਸ਼ ਆਉਂਦੀ ਸਮੱਸਿਆ ਬਾਰੇ ਦੱਸਿਆ ਗਿਆ ਤੇ ਬਾਈਕਸ ਸੜਕ ਤੇ ਪਾਰਕ ਨਾ ਕਰਨ ਲਈ ਆਖਿਆ ਗਿਆ । ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ । ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ । ਪੁਲਿਸ ਨੇ ਦੋਵਾਂ ਧਿਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਐਤਵਾਰ ਦੁਪਹਿਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਵਹਰਾ ਨਗਰ ਵਿੱਚ ਸਥਿਤ ਇੱਕ ਬਾਈਕ ਸ਼ੋਅਰੂਮ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਰਿਹਾ ਹੈ। ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ ।
ਭੀੜ ਨੇ ਬਾਈਕ ਸ਼ੋਅਰੂਮ `ਤੇ ਪੱਥਰਬਾਜ਼ੀ ਕੀਤੀ ਹੈ । ਪੁਲਸ ਨੇ ਮੌਕੇ `ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ । ਇਸ ਤੋਂ ਬਾਅਦ ਦੋਵੇਂ ਧਿਰਾਂ ਥਾਣੇ ਪਹੁੰਚ ਗਈਆਂ । ਇੱਥੇ ਵੀ ਦੋਵੇਂ ਧਿਰਾਂ ਇੱਕ ਦੂਜੇ ਨਾਲ ਬਹਿਸ ਕਰਨ ਲੱਗ ਪਈਆਂ। ਬਾਅਦ ਵਿੱਚ ਦੋਵਾਂ ਧਿਰਾਂ ਨੇ ਇੱਕ ਦੂਜੇ ਵਿਰੁੱਧ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ । ਕੌਂਸਲਰ ਵੀਰਪਾਲ ਸਿੰਘ ਨੇ ਸ਼ੋਅਰੂਮ ਦੇ ਮਾਲਕ ਰਣਜੀਤ ਸਿੰਘ, ਉਨ੍ਹਾਂ ਦੇ ਪੁੱਤਰਾਂ ਅਤੇ ਕਰਮਚਾਰੀਆਂ `ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ । ਉਸ ਨੇ ਦੱਸਿਆ ਕਿ ਸ਼ੋਅਰੂਮ ਮਾਲਕ ਸ਼ੋਅਰੂਮ ਦੀਆਂ ਬਾਈਕਾਂ ਨੂੰ ਸੜਕ `ਤੇ ਗ਼ੈਰ-ਕਾਨੂੰਨੀ ਢੰਗ ਨਾਲ ਪਾਰਕ ਕਰਦਾ ਹੈ, ਇਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਸ ਨੇ ਕਿਹਾ ਕਿ ਐਤਵਾਰ ਨੂੰ ਜਦੋਂ ਉਹ ਇਸ ਸਬੰਧ ਵਿੱਚ ਸ਼ੋਅਰੂਮ ਮਾਲਕ ਨਾਲ ਗੱਲ ਕਰਨ ਗਿਆ ਤਾਂ ਉਸ ਨੇ, ਉਸ ਦੇ ਪੁੱਤਰਾਂ ਅਤੇ ਕਰਮਚਾਰੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ । ਕੌਂਸਲਰ ਨੇ ਸ਼ੋਅਰੂਮ ਮਾਲਕ `ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਦਾ ਵੀ ਦੋਸ਼ ਲਗਾਇਆ, ਇਸ ਦੇ ਨਾਲ ਹੀ ਸ਼ੋਅਰੂਮ ਦੇ ਮਾਲਕ ਰਣਜੀਤ ਸਿੰਘ ਨੇ ਕੌਂਸਲਰ ਵੀਰਪਾਲ ਸਿੰਘ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ੋਅਰੂਮ ਉਤੇ ਕੌਂਸਲਰ ਤੇ ਉਸ ਦੇ ਨਾਲ ਆਈ ਭੀੜ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਕੀਤੀ ਗਈ । ਕੋਤਵਾਲੀ ਇੰਚਾਰਜ ਇੰਸਪੈਕਟਰ ਆਰਐਸ ਖੋਲ੍ਹੀਆ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸ਼ਿਕਾਇਤ `ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ।

Leave a Comment

Your email address will not be published. Required fields are marked *

Scroll to Top