ਅੰਮ੍ਰਿਤਪਾਲ ਸਿੰਘ ਦੇ ਦਾਦੀ ਦਾ ਜੱਦੀ ਪਿੰਡ ਹੋਇਆ ਅੰਤਿਮ ਸੰਸਕਾਰ, ਖੁਦ ਰਹੇ ਮੌਜੂਦ
ਚੰਡੀਗੜ, 21 ਨਵੰਬਰ : ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਪੂਰੇ ਰਿਤੀ ਰਿਵਾਜਾਂ ਦੇ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਮੇ ਖੁਦ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਰਹੇ। ਇਸ ਦੌਰਾਨ ਭਾਰੀ ਸੁਰਖਿਆ ਫੋਰਸ ਵੀ ਨਜਰ ਆਈ।
ਜਾਣਕਾਰੀ ਦੇ ਅਨੁਸਾਰ ਅੰਤਿਮ ਸੰਸਕਾਰ ਤੋਂ ਪਹਿਲਾਂ ਮਾਤਾ ਚਰਨ ਕੌਰ ਦੀ ਮ੍ਰਿਤਕ ਦੇਹ ਨੂੰ ਜੱਦੀ ਘਰ ਤੋਂ ਫੁੱਲਾਂ ਨਾਲ ਸਜਾਈ ਗਈ ਟਰਾਲੀ ਵਿੱਚ ਰੱਖ ਕੇ ਸੰਸਕਾਰ ਵਾਲੀ ਥਾਂ ਤੱਕ ਲਿਜਾਇਆ ਗਿਆ। ਇਸ ਅੰਤਿਮ ਯਾਤਰਾ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਵੱਡੀ ਗਿਣਤੀ ਵਿੱਚ ਸੰਗਤ ਅਤੇ ਪਾਰਟੀ ਸਮਰਥਕ ਸ਼ਾਮਲ ਹੋਏ।
ਸਾਰਿਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਅਤੇ ਭਾਵੁਕ ਮਾਹੌਲ ਵਿੱਚ ਅੰਤਿਮ ਵਿਦਾਇਗੀ ਦਿੱਤੀ।
ਜਿਕਰਯੋਗ ਹੈ ਕਿ ਮਾਤਾ ਚਰਨ ਕੌਰ ਦਾ ਸਸਕਾਰ ਉਨ੍ਹਾਂ ਦੇ ਜੱਦੀ ਖੇਤਾਂ ਵਿੱਚ ਕੀਤਾ ਗਿਆ, ਜਿੱਥੇ ਸਮਾਗਮ ਲਈ ਕਰੀਬ ਪੰਜ ਏਕੜ ਜ਼ਮੀਨ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਹਿਰਾਸਤੀ ਪੈਰੋਲ ‘ਤੇ ਪਿੰਡ ਪਹੁੰਚੇ ਅੰਮ੍ਰਿਤਪਾਲ ਸਿੰਘ ਵੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅੰਤਿਮ ਰਸਮਾਂ ਦੌਰਾਨ ਮੌਜੂਦ ਰਹੇ। ਪੁਲਸ ਵਲੋ ਭਾਰੀ ਸੁਰਖਿਆ ਘੇਰਾ ਵੀ ਬਣਾਇਆ ਗਿਆ ਸੀ।