ਤਿੰਨਾਂ ਸੈਨਾਵਾਂ ਦੇ ਉਪ ਮੁਖੀ ਪਹਿਲੀ ਵਾਰ ਤੇਜਸ ਜਹਾਜ਼ ’ਚ ਸਵਾਰ
ਨਵੀਂ ਦਿੱਲੀ/ਜੋਧਪੁਰ : ਭਾਰਤ ਦੀਆਂ ਤਿੰਨਾਂ ਸੈਨਾਵਾਂ ਦੇ ਉਪ ਮੁਖੀ ਅੱਜ ਜੋਧਪੁਰ ਵਿੱਚ ਫੌਜੀ ਮਸ਼ਕਾਂ ਦੌਰਾਨ ਪਹਿਲੀ ਵਾਰ ਦੇਸ਼ ਵਿੱਚ ਬਣੇ ਹਲਕੇ ਲੜਾਕੂ ਜਹਾਜ਼ (ਐੱਲਏਸੀ) ਤੇਜਸ ਵਿੱਚ ਸਵਾਰ ਹੋਏ। ਜੋਧਪੁਰ ਏਅਰ ਫੋਰਸ ਸਟੇਸ਼ਨ 29 ਅਗਸਤ ਤੋਂ 15 ਸਤੰਬਰ ਤੱਕ ਬਹੁ-ਪੱਖੀ ਅਭਿਆਸ ‘ਤਰੰਗ ਸ਼ਕਤੀ’ ਦੇ ਦੂਜੇ ਪੜਾਅ ਦੀ ਮੇਜ਼ਬਾਨੀ ਕਰ ਰਿਹਾ ਹੈ। ਹਵਾਈ ਫੌਜ ਦੇ ਉਪ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ, ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅਤੇ ਥਲ ਸੈਨਾ ਦੇ ਉਪ ਮੁਖੀ ਲੈਫ਼ਟੀਨੈਂਟ ਜਨਰਲ ਐੱਨ ਐੱਸ ਰਾਜਾ ਸੁਬਰਾਮਣੀ ਜੋਧਪੁਰ ਏਅਰਫੋਰਸ ਸਟੇਸ਼ਨ ਪਹੁੰਚੇ ਅਤੇ ਉਡਾਣ ਲਈ ਤੇਜਸ ਲੜਾਕੂ ਜਹਾਜ਼ ਵਿੱਚ ਸਵਾਰ ਹੋਏ। ਇਸ ਦੌਰਾਨ ਏਅਰ ਮਾਰਸ਼ਲ ਏ ਪੀ ਸਿੰਘ ਨੇ ਸਿੰਗਲ-ਸੀਟ ਐੱਲਸੀਏ ਤੇਜਸ ਲੜਾਕੂ ਜਹਾਜ਼ ਉਡਾਇਆ, ਜਦੋਂਕਿ ਜਲ ਸੈਨਾ ਅਤੇ ਥਲ ਸੈਨਾ ਦੇ ਉਪ ਮੁਖੀਆਂ ਨੇ ਦੋ ਸੀਟਾਂ ਵਾਲੇ ਲੜਾਕੂ ਜਹਾਜ਼ ਵਿੱਚ ਉਡਾਣ ਭਰੀ।