ਕੈਨੇਡਾ ਸਰਕਾਰ ਨੇ ਦਿੱਤੀ 11 ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਭਾਰਤੀ ਮੂਲ ਦੇ ਦੋਸ਼ੀ 68 ਸਾਲਾ ਗੈਰੀ ਜਗੁਰ ਸਿੰਘ ਨੂੰ ਪੈਰੋਲ

ਕੈਨੇਡਾ ਸਰਕਾਰ ਨੇ ਦਿੱਤੀ 11 ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਭਾਰਤੀ ਮੂਲ ਦੇ ਦੋਸ਼ੀ 68 ਸਾਲਾ ਗੈਰੀ ਜਗੁਰ ਸਿੰਘ ਨੂੰ ਪੈਰੋਲ
ਜਲੰਧਰ : ਕੈਨੇਡਾ ’ਚ 11 ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਭਾਰਤੀ ਮੂਲ ਦੇ ਦੋਸ਼ੀ 68 ਸਾਲਾ ਗੈਰੀ ਜਗੁਰ ਸਿੰਘ ਨੂੰ ਕੈਨੇਡਾ ਸਰਕਾਰ ਨੇ ਕਈ ਸਾਲਾਂ ਬਾਅਦ ਪੈਰੋਲ ਦੇ ਦਿੱਤੀ ਹੈ। ਦੋਸ਼ੀ ਨੇ ਜਨਵਰੀ 1988 ਅਤੇ ਅਗਸਤ 1991 ਦਰਮਿਆਨ 11 ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਸੀ ਅਤੇ ਉਸ ਨੂੰ ‘ਮਾਰਪੋਲ ਰੇਪਿਸਟ’ ਦਾ ਨਾਂ ਦਿੱਤਾ ਗਿਆ ਸੀ। ਅਦਾਲਤ ਨੇ 1994 ਵਿਚ ਉਸ ਨੂੰ ਖ਼ਤਰਨਾਕ ਅਪਰਾਧੀ ਕਰਾਰ ਦਿੰਦਿਆਂ ਅਣਮਿੱਥੇ ਸਮੇਂ ਲਈ ਕੈਦ ਦੀ ਸਜ਼ਾ ਸੁਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਗੈਰੀ ਜਗੁਰ ਸਿੰਘ ਨੂੰ ਪੈਰੋਲ ਮਿਲਣ ਨਾਲ ਪੀੜਤ ਪਰਿਵਾਰਾਂ ਅਤੇ ਭਾਈਚਾਰੇ ਵਿਚ ਚਿੰਤਾ ਵਧ ਗਈ ਹੈ। ਮਾਰਪੋਲ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਦੱਖਣੀ ਹਿੱਸੇ ਵਿਚ ਸਥਿਤ ਇਕ ਟਾਊਨਸ਼ਿਪ ਹੈ। ਰਿਪੋਰਟ ਅਨੁਸਾਰ ਜੂਨ 1994 ਵਿਚ ਗੈਰੀ ਜਗੁਰ ਸਿੰਘ ਨੂੰ ਹਥਿਆਰਾਂ ਦੇ ਜ਼ੋਰ ’ਤੇ ਜਬਰ-ਜ਼ਨਾਹ ਦੇ 11 ਮਾਮਲਿਆਂ, ਜਾਣਬੁੱਝ ਕੇ ਭੰਨਤੋੜ ਕਰਨ ਦੇ 8 ਅਤੇ ਲੁੱਟ-ਖੋਹ ਦੇ 3 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਉਸ ਨੇ ਵੈਨਕੂਵਰ ਦੇ ਮਾਰਪੋਲ ’ਚ 8 ਔਰਤਾਂ ਦੇ ਅਪਾਰਟਮੈਂਟਸ ਨੂੰ ਨਿਸ਼ਾਨਾ ਬਣਾਇਆ ਸੀ।ਉਸ ਨੇ ਸਾਰੀਆਂ ਔਰਤਾਂ ਨਾਲ ਉਦੋਂ ਜਬਰ-ਜ਼ਨਾਹ ਕੀਤਾ, ਜਦੋਂ ਉਹ ਸੌਂ ਰਹੀਆਂ ਸਨ। ਗਲੋਬਲ ਨਿਊਜ਼ ਅਨੁਸਾਰ ਕਈ ਮਾਮਲਿਆਂ ਵਿਚ ਉਸ ਨੇ ਔਰਤਾਂ ਨੂੰ ਜਗਾਇਆ, ਉਨ੍ਹਾਂ ਦੇ ਗਲੇ ’ਤੇ ਚਾਕੂ ਰੱਖਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਉਸ ਨੇ 3 ਹੋਰ ਔਰਤਾਂ ਨੂੰ ਸੜਕ ’ਤੇ ਰੋਕ ਕੇ ਹਮਲਾ ਕੀਤਾ ਸੀ। ਪੈਰੋਲ ਬੋਰਡ ਨੇ ਕਿਹਾ ਹੈ ਕਿ ਰਿਹਾਈ ਦੌਰਾਨ ਸਿੰਘ ਨੂੰ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਉਸ ਨੂੰ ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਕਰਨਾ ਹੋਵੇਗਾ। ਦੋਸ਼ੀ ਦੇ ਸ਼ਰਾਬ ਪੀਣ ’ਤੇ ਵੀ ਪਾਬੰਦੀ ਲਾਈ ਗਈ ਹੈ। ਹਾਲਾਂਕਿ ਪੀੜਤ ਭਾਈਚਾਰੇ ਦੇ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਿੰਘ ਦੀ ਪੈਰੋਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਭਾਈਚਾਰੇ ਦੇ ਲੋਕਾਂ ਨੇ ਸਿੰਘ ਨੂੰ ਪੈਰੋਲ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ। ਕੰਜ਼ਰਵੇਟਿਵ ਵਿਧਾਇਕ ਐਲੇਨੋਰ ਸਟਰਕੋ ਨੇ ਇਸ ਮੁੱਦੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ’ਚ ਪੈਰੋਲ ਦੇਣ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਸੀ।

Leave a Comment

Your email address will not be published. Required fields are marked *

Scroll to Top