ਵਣ ਮੰਡਲ ਅਫਸਰ ਸੰਗਰੂਰ ਵੱਲੋਂ ਭਵਾਨੀਗੜ੍ਹ ਨੇੜਲੇ ਇਲਾਕਿਆਂ ਵਿੱਚ ਚੀਤਾ ਜਾਂ ਤੇਂਦੂਆ ਹੋਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ

ਵਣ ਮੰਡਲ ਅਫਸਰ ਸੰਗਰੂਰ ਵੱਲੋਂ ਭਵਾਨੀਗੜ੍ਹ ਨੇੜਲੇ ਇਲਾਕਿਆਂ ਵਿੱਚ ਚੀਤਾ ਜਾਂ ਤੇਂਦੂਆ ਹੋਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ
ਮਿੱਟੀ ਉੱਤੇ ਮਿਲੇ ਪੰਜੇ ਦੇ ਨਿਸ਼ਾਨ ਚੀਤੇ ਜਾਂ ਤੇਂਦੂਏ ਦੇ ਨਹੀਂ – ਮੋਨਿਕਾ ਦੇਵੀ ਯਾਦਵ
ਅਹਿਤਿਆਤ ਵਜੋਂ 2 ਪਿੰਜਰੇ ਸਥਾਪਿਤ, 5 ਫੀਲਡ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਗਸ਼ਤ ਜਾਰੀ
ਵਣ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਮੁਸਤੈਦ, ਲੋਕਾਂ ਦੀ ਸੁਵਿਧਾ ਲਈ ਹੈਲਪਲਾਈਨ ਨੰਬਰ ਜਾਰੀ
ਸੰਗਰੂਰ, 20 ਅਗਸਤ : ਸੋਸ਼ਲ ਮੀਡੀਆ ਉੱਤੇ ਭਵਾਨੀਗੜ੍ਹ, ਘਰਾਚੋਂ ਅਤੇ ਨੇੜਲੇ ਇਲਾਕਿਆਂ ਵਿੱਚ ਚੀਤਾ ਜਾਂ ਤੇਂਦੂਆ ਆਉਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਵਣ ਮੰਡਲ ਅਫਸਰ ਸੰਗਰੂਰ ਰੇਂਜ ਮੋਨਿਕਾ ਦੇਵੀ ਯਾਦਵ ਨੇ ਕਿਹਾ ਕਿ ਲੋਕ ਇਹਨਾਂ ਅਫਵਾਹਾਂ ਉੱਤੇ ਬਿਲਕੁਲ ਵੀ ਵਿਸ਼ਵਾਸ ਨਾ ਕਰਨ ਕਿਉਂਕਿ ਵਣ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਜਾਂਚ ਦੌਰਾਨ ਅਜਿਹਾ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ ਜਿਸ ਨਾਲ ਇਹਨਾਂ ਖਤਰਨਾਕ ਜੰਗਲੀ ਜਾਨਵਰਾਂ ਦੇ ਜਿਲਾ ਸੰਗਰੂਰ ਦੇ ਕਿਸੇ ਵੀ ਖੇਤਰ ਵਿੱਚ ਪਾਏ ਜਾਣ ਦੀ ਪੁਸ਼ਟੀ ਹੁੰਦੀ ਹੋਵੇ। ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁਝ ਕੇ ਭੋਲੇ ਭਾਲੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਅਜਿਹੀਆਂ ਗੁਮਰਾਹਕੁਨ ਵੀਡੀਓ ਜਾਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਪੂਰੀ ਤਰ੍ਹਾਂ ਨਿਰਆਧਾਰ ਹਨ। ਉਹਨਾਂ ਕਿਹਾ ਕਿ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕਿਸੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਦਰਸਾਏ ਜਾ ਰਹੇ ਹਨ ਅਤੇ ਇਹਨਾਂ ਪੈਰਾਂ ਦੇ ਨਿਸ਼ਾਨਾਂ ਸਬੰਧੀ ਵੀ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਨਿਸ਼ਾਨ ਚੀਤੇ ਜਾਂ ਤੇਂਦੂਏ ਜਾਂ ਅਜਿਹੇ ਹੀ ਕਿਸੇ ਹੋਰ ਖਤਰਨਾਕ ਜਾਨਵਰ ਦੇ ਨਹੀਂ ਹਨ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਉਹਨਾਂ ਦੱਸਿਆ ਕਿ ਫਿਰ ਵੀ ਅਹਿਤਿਆਤ ਦੇ ਤੌਰ ਤੇ ਵਣ ਵਿਭਾਗ ਦੀਆਂ ਟੀਮਾਂ ਲਗਾਤਾਰ ਉਹਨਾਂ ਪਿੰਡਾਂ ਜਾਂ ਨੇੜਲੇ ਖੇਤਰਾਂ ਵਿੱਚ ਵਸਦੇ ਲੋਕਾਂ ਨਾਲ ਸੰਪਰਕ ਵਿੱਚ ਹਨ, ਜਿਨਾਂ ਵਿੱਚ ਕਿਸੇ ਜੰਗਲੀ ਜਾਨਵਰ ਦੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਬਲਵਾੜ ਅਤੇ ਹਕੀਕਤਪੁਰਾ ਪਿੰਡਾਂ ਵਿੱਚ ਵਿਭਾਗੀ ਟੀਮਾਂ ਵੱਲੋਂ ਦੋ ਪਿੰਜਰੇ ਵੀ ਲਗਾਏ ਗਏ ਹਨ ਇਸ ਤੋਂ ਇਲਾਵਾ ਪੰਜ ਫੀਲਡ ਰੈਪਿਡ ਰਿਸਪਾਂਸ ਟੀਮਾਂ ਲਗਾਤਾਰ ਪਿੰਡਾਂ ਵਿੱਚ ਗਸ਼ਤ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਪਿੰਡਾਂ ਦੇ ਮੋਹਤਬਰਾਂ ਨੂੰ ਵਣ ਰੇਂਜ ਅਫਸਰਾਂ ਦੇ ਸੰਪਰਕ ਨੰਬਰ ਵੀ ਮੁਹਈਆ ਕਰਵਾ ਦਿੱਤੇ ਗਏ ਹਨ ਤਾਂ ਜੋ ਭਵਿੱਖ ਵਿੱਚ ਜੇਕਰ ਇਸ ਸਬੰਧੀ ਕੋਈ ਮਾਮਲਾ ਜਾਂ ਅਫਵਾਹ ਸਾਹਮਣੇ ਆਉਂਦੀ ਹੋਵੇ ਤਾਂ ਪਿੰਡ ਵਾਸੀ ਸਬੰਧਤ ਵਣ ਰੇਂਜ ਅਧਿਕਾਰੀ ਨਾਲ ਰਾਬਤਾ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਤੱਥ ਅਧਾਰਤ ਜਾਣਕਾਰੀ ਲਈ ਰੇਂਜ ਅਫਸਰ ਸੁਖਬੀਰ ਸਿੰਘ ਦੇ ਮੋਬਾਈਲ ਨੰਬਰ 78141 41903, ਰਮਨਦੀਪ ਸਿੰਘ ਦੇ ਸੰਪਰਕ ਨੰਬਰ 79860 23335 ਅਤੇ ਸ਼ਾਹੀਦ ਦੇ ਸੰਪਰਕ ਨੰਬਰ 92166 50002 ਉਪਲਬਧ ਕਰਵਾਏ ਗਏ ਹਨ।

Leave a Comment

Your email address will not be published. Required fields are marked *

Scroll to Top