ਖੂਹੀ ’ਚ ਦੱਬੇ ਜਾਣ ਕਾਰਨ ਮਜ਼ਦੂਰ ਦੀ ਮੌਤ
ਮਹਿਲ ਕਲਾਂ : ਪੰਜਾਬ ਦੇ ਕਸਬਾ ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿਖੇ ਸਰਕਾਰੀ ਸਕੂਲ ’ਚ ਪਹਿਲਾਂ ਹੀ ਪੁੱਟੀ ਇਕ ਖੂਹੀ ’ਚ ਕੰਮ ਕਰਦੇ ਸਮੇਂ ਮਜ਼ਦੂਰ ਸੋਹਣ ਖਾਨ ਦੇ ਮਿੱਟੀ ਦੀ ਢਿੱਗ ਹੇਠਾਂ ਦੱਬ ਜਾਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਜ਼ਦੂਰ ਸੋਹਣ ਖ਼ਾਨ ਜੋ ਕਿ 50 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਪਿੰਡ ਦੇ ਸਕੂਲ ’ਚ ਕਰੀਬ 20 ਕੁ ਫੁੱਟ ਡੂੰਘੀ ਖੂਹੀ ’ਚ ਕੰਮ ਕਰ ਰਿਹਾ ਸੀ ਤੇ ਮਿੱਟੀ ਦੀ ਢਿੱਗ ਡਿੱਗਣ ਕਾਰਨ ਉਹ ਖੂਹੀ ਹੇਠਾਂ ਹੀ ਦੱਬਿਆ ਗਿਆ, ਜਿਸ ਨੂੰ ਪਿੰਡ ਵਾਸੀਆਂ ਨੇ ਜੇ. ਸੀ. ਬੀ. ਤੇ ਟ੍ਰੈਕਟਰਾਂ ਦੀ ਮਦਦ ਨਾਲ ਕਈ ਘੰਟੇ ਬਾਅਦ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।