ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਨੋਜਵਾਨ ਦਾ ਕਿਰਚਾ ਮਾਰ ਕੇ ਕੀਤਾ ਕਤਲ
ਨਾਭਾ 27 ਜੂਨ : ਨਾਭਾ ਬਲਾਕ ਦੇ ਪਿੰਡ ਕਲਰ ਕੋਟ ਵਿਖੇ ਉਦੋਂ ਸਨਸਨੀ ਫੈਲ ਗਈ ਜਦੋਂ ਬੀਤੀ ਦੇਰ ਰਾਤ ਮਾਤਾ ਸ਼ੀਤਲਾ ਮੰਦਿਰ ਵਿੱਚ ਮੱਥਾ ਟੇਕਣ ਗਏ ਕਰਨਵੀਰ ਸਿੰਘ 20 ਸਾਲਾਂ ਦਾ ਅਣਪਛਾਤੇ ਨੌਜਵਾਨਾਂ ਵੱਲੋਂ ਮੰਦਰ ਦੇ ਬਾਹਰ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਬਖਤੜੇ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਲਾਸ਼ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਰੱਖ ਦਿੱਤੀ ਗਈ ਹੈ ਪੁਲਿਸ ਵੱਲੋਂ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਛੋਟੇ ਭਰਾ ਨੇ ਦੱਸਿਆ ਕਿ ਮੇਰੇ ਭਰਾ ਦਾ ਕਿਰਚਾਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਪਰ ਸਾਡੀ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ।
ਪੰਜਾਬ ਵਿੱਚ ਹਰ ਰੋਜ਼ ਕਤਲ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਕਲਰ ਕੋਟ ਵਿਖੇ ਜਿੱਥੇ ਬੀਤੀ ਦੇਰ ਰਾਤ ਮਾਤਾ ਸ਼ੀਤਲਾ ਮੰਦਰ ਵਿੱਚ ਭਾਰੀ ਮੇਲਾ ਭਰਦਾ ਹੈ, ਅਤੇ ਸੈਂਕੜਿਆਂ ਦੀ ਤਾਦਾਦ ਵਿੱਚ ਸ਼ਰਧਾਲੂ ਰਾਤ ਨੂੰ ਹੀ ਮੱਥਾ ਟੇਕਣ ਲਈ ਲਾਈਨਾਂ ਵਿੱਚ ਲੱਗ ਜਾਂਦੇ ਹਨ। ਮੱਥਾ ਟੇਕਣ ਦੇ ਲਈ ਮ੍ਰਿਤਕ ਕਰਨਵੀਰ ਸਿੰਘ ਵੀ ਆਪਣੇ ਦੋਸਤਾਂ ਨਾਲ ਦੇਰ ਰਾਤ ਆਇਆ ਅਤੇ ਅਣਪਛਾਤੇ ਨੌਜਵਾਨਾਂ ਵੱਲੋਂ ਕਰਨਵੀਰ ਦਾ ਤੇਜਧਾਰ ਹਥਿਆਰਾਂ ਦੇ ਨਾਲ ਮੰਦਰ ਦੇ ਬਾਹਰ ਕਤਲ ਕਰ ਦਿੱਤਾ। ਮ੍ਰਿਤਕ ਕਰਨਵੀਰ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਉਹ ਇੱਕ ਟਰੱਕ ਡਰਾਈਵਰ ਸੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਤੇ ਮ੍ਰਿਤਕ ਕਰਨਵੀਰ ਸਿੰਘ ਦੇ ਭਰਾ ਵਿਕਰਮ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਮੱਥਾ ਟੇਕਣ ਦੇ ਲਈ ਆਇਆ ਸੀ ਅਤੇ ਇਸ ਦੇ ਨਾਲ ਦੋਸਤ ਵੀ ਸਨ ਪਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਮੇਰੇ ਭਰਾ ਦੇ ਦਿਲ ਵਿੱਚ ਕਿਰਚ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਸਾਡੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਹੈ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਨਾਭਾ ਸਦਰ ਥਾਣਾ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮੱਥਾ ਟੇਕਣ ਦੇ ਲਈ ਆਇਆ ਸੀ ਅਤੇ ਉੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਇਹ ਕਤਲ ਮੰਦਰ ਦੇ ਬਾਹਰ ਬਣੇ ਬਾਥਰੂਮਾਂ ਕੋਲ ਕੀਤਾ ਗਿਆ। ਉਨਾਂ ਕਿਹਾ ਕਿ ਅਸੀਂ ਲਾਸ਼ ਨੂੰ ਰਾਤ ਨੂੰ ਹੀ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਰੱਖ ਦਿੱਤੀ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਸੀਂ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਰਹੇ ਹਾਂ।