– ਕਿਹਾ : ਪੀਯੂ ਨਾਲ ਭੱਦਾ ਮਜਾਕ ਆਉਣ ਵਾਲੇ ਦਿਨਾਂ ਅੰਦਰ ਮਰ ਜਾਵੇਗੀ ਯੂਨੀਵਰਸਿਟੀ
– ਸੀ.ਐਮ. ਆਪਣਾ ਕਿਹਾ ਯਾਦ ਕਰਨ ਕਿ ਵਿਦਿਆ ਕਰਜੇ ਹੇਠ ਨਹੀਂ ਰਹੇਗੀ : ਵੀਸੀ
– ਸਿਰਫ਼ 200 ਕਰੋੜ ਦੇ ਕਰੀਬ ਯੂਨੀਵਰਸਿਟੀ ਨੂੰ ਫੀਸਾਂ ਤੋਂ ਹੁੰਦੀ ਹੈ ਆਮਦਨ
ਪਟਿਆਲਾ, 11 ਮਾਰਚ : ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਸਿਰਫ਼ 164 ਕਰੋੜ ਰੁਪਏ ਸਲਾਨਾ ਗਰਾਂਟ ਦਿੱਤੇ ਜਾਣ ‘ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਭੜਕ ਉਠੇ ਹਨ। ਉਨ੍ਹਾਂ ਨੇ ਬਕਾਇਦਾ ਤੌਰ ‘ਤੇ ਇੱਕ ਪ੍ਰੈਸ ਰਿਲੀਜ ਜਾਰੀ ਕਰਕੇ ਅਤੇ ਵੀਡਿਓ ਰਿਲੀਜ ਕਰਕੇ ਸਿੱਘੇ ਤੌਰ ‘ਤੇ ਮੁੱਖ ਮੰਤਰੀ ਅਤੇ ਸਰਕਾਰ ਖਿਲਫਾ ਮੋਰਚਾ ਖੋਲਦਿਆਂ ਸਪੱਸ਼ਟ ਆਖਿਆ ਹੈ ਕਿ ਜੇਕਰ ਯੂਨੀਵਰਸਿਟੀ ਨੂੰ 360 ਕਰੋੜ ਸਲਾਨਾ ਗਰਾਂਟ ਮਿਲਦੀ ਹੈ ਤਾਂ ਹੀ ਯੂਨੀਵਰਸਿਟੀ ਬਚੇਗੀ ਨਹੀਂ ਤਾਂ ਇਹ ਮਰ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਇਸੇ ਬਜਟ ਵਿੱਚ 164 ਕਰੋੜ ਨੂੰ ਸੋਧ ਕੇ 360 ਕਰੋੜ ਰੁਪਏ ਰਿਲੀਜ ਕੀਤੇ ਜਾਣ ਨਹੀਂ ਤਾਂ ਯੂਨੀਵਰਸਿਟੀ ਆਉਣ ਵਾਲੇ ਸਮੇਂ ਅੰਦਰ ਬੰਦ ਹੋ ਜਾਵੇਗੀ।
200 ਕਰੋੜ ਦੀ ਥਾਂ ਸਰਕਾਰ ਨੇ ਕਰ ਦਿੱਤੀ 164 ਕਰੋੜ ਰੁਪਏ ਗਰਾਂਟ
ਵੱਡੀਆਂ ਆਸਾਂ ਲਗਾਈ ਬੈਠੀ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ ਝਟਕਾ ਦਿੱਤਾ ਹੈ। ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਰਾਹਤ ਦੇਣ ਦੀ ਥਾਂ ਬਜਟ ਵਿੱਚ ਕਟੌਤੀ ਕਰ ਦਿੱਤੀ ਹੈ। ਤਾਜ਼ਾ ਬਜਟ ਵਿੱਚ ਯੂਨੀਵਰਸਿਟੀ ਦੀ ਸਲਾਨਾ ਗਰਾਂਟ 200 ਕਰੋੜ ਰੁਪਏ ਤੋਂ ਘਟਾ ਕੇ 164 ਕਰੋੜ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਗਰਾਂਟ ਵਧਣ ਦੀ ਥਾਂ ਘੱਟ ਗਈ ਹੈ।
ਵਾਈਸ ਚਾਂਸਲਰ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੇ ਫ਼ੈਸਲੇ ਨਾਲ ਯੂਨੀਵਰਸਿਟੀ ਦਾ ਤਨਖ਼ਾਹ ਬਜਟ ਤਕਰੀਬਨ 100 ਕਰੋੜ ਰੁਪਏ ਵਧਿਆ ਹੈ। ਜੇ ਸਰਕਾਰ ਨੇ ਪਿਛਲੇ ਸਾਲ ਜਿੰਨੀ ਗਰਾਂਟ ਵੀ ਦੇਣੀ ਹੁੰਦੀ ਤਾਂ ਉਸ ਤਰੀਕੇ ਨਾਲ਼ ਵੀ ਨਵੇਂ ਫ਼ੈਸਲੇ ਦੇ ਬੋਝ ਨਾਲ ਇਹ 360 ਕਰੋੜ ਤੋਂ ਜ਼ਿਆਦਾ ਬਣਦੀ ਹੈ। ਮਹਿੰਗਾਈ ਅਤੇ ਵਿੱਤੀ ਘਾਟਾ ਇਸ ਤੋਂ ਵੱਖਰਾ ਸੀ ਪਰ ਹੁਣ ਯੂਨੀਵਰਸਿਟੀ ਦਾ ਰਬ ਹੀ ਰਾਖਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ ਯੂਨੀਵਰਸਿਟੀ ਨੂੰ ਕਰਜੇ ਤੋਂ ਮੁਕਤ ਕਰਨ ਦਾ ਵਾਅਦਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਦੌਰੇ ਸਮੇਂ ਸਿੱਖਿਆ ਨੂੰ ਕਰਜ਼ੇ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਉਨ੍ਹਾਂ ਕਿਹਾ ਸੀ ਕਿ ਸਿੱਖਿਆ ਕਦੇ ਕਰਜਾਈ ਨਹੀਂ ਹੋ ਸਕਦੀ ਤੇ ਯੂਨੀਵਰਸਿਟੀ ਨੂੰ ਵੀ ਉਸਦੇ ਪੈਰਾਂ ‘ਤੇ ਖੜਾ ਕਰਾਂਗੇ। ਪਰ ਇਸ ਬਜਟ ਨਾਲ ਉਨ੍ਹਾਂ ਨੇ ਯੂਨੀਵਰਸਿਟੀ ਸਿਰ ਨਵਾਂ ਕਰਜ਼ਾ ਚੜ੍ਹਨ ਵਾਲ਼ੀ ਸਥਿਤੀ ਪੈਦਾ ਕਰ ਦਿੱਤੀ ਹੈ। ਇੱਥੇ ਇਹ ਜ਼ਿਕਰਯੋਗ ਹੈ ਹੈ ਕਿ ਪੰਜਾਬੀ ਯੂਨੀਵਰਸਿਟੀ ਸਿਰ 150 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਲਗਾਤਾਰ ਵਿੱਤੀ ਘਾਟਾ ਚੱਲ ਰਿਹਾ ਹੈ।
ਤਨਖਾਹਾਂ ਦੇਣ ਦੇ ਪੈਣਗੇ ਲਾਲੇ : ਵੱਡੇ ਸੰਘਰਸ਼ ਨਾਲ ਹੋਵੇਗਾ ਬਵਾਲ
ਇਸ ਬਜਟ ਨਾਲ਼ ਪੰਜਾਬੀ ਯੂਨੀਵਰਸਿਟੀ ਦਾ ਸੰਕਟ ਹੋਰ ਗਹਿਰਾ ਜਾਣਾ ਤੈਅ ਹੈ। ਪਿਛਲੇ ਬਜਟ ਵਿੱਚ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ 150 ਕਰੋੜ ਰੁਪਏ ਦੀ ਤਨਖ਼ਾਹ ਗਰਾਂਟ ਅਤੇ ਪੰਜਾਹ ਕਰੋੜ ਦੀ ਗ਼ੈਰ-ਤਨਖ਼ਾਹ ਗਰਾਂਟ ਦਿੱਤੀ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਅੰਤਰਿਮ ਗਰਾਂਟ ਦਾ ਵਾਰਵਾਰ ਵਾਅਦਾ ਕੀਤਾ ਸੀ ਜੋ ਵਫ਼ਾ ਨਹੀਂ ਹੋਇਆ। ਇਸ ਵਾਰ ਦੇ ਬਜਟ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਕੋਈ ਗ਼ੈਰ-ਤਨਖ਼ਾਹ ਗਰਾਂਟ ਨਹੀਂ ਦਿੱਤੀ ਗਈ। ਨਤੀਜੇ ਵਜੋਂ ਯੂਨੀਵਰਸਿਟੀ ਸਮੇਂ ਸਿਰ ਤਨਖ਼ਾਹਾਂ ਦੇਣ ਦੀ ਹਾਲਤ ਵਿੱਚ ਨਹੀਂ ਹੈ।
ਪਿਛਲੀ ਵਾਰ ਪੰਜਾਬ ਸਰਕਾਰ ਦੇ ਬਜਟ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਉਚੇਚਾ ਜ਼ਿਕਰ ਕਰਦੇ ਹੋਏ 200 ਕਰੋੜ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਪੰਜਾਬੀ ਬੋਲੀ ਨੂੰ ਪ੍ਰਣਾਏ ਅਦਾਰੇ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਸੀ। ਇਸ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਦਾ ਜ਼ਿਕਰ ਦੋ ਵਾਰ ਕੀਤਾ। ਇੱਕ ਵਾਰ ਉਨ੍ਹਾਂ ਨਵੇਂ ਉਦਮੀਕਰਨ ਦੇ ਹਵਾਲੇ ਨਾਲ਼ ਕੀਤਾ ਅਤੇ ਇੱਕ ਵਾਰ ਬਾਕੀ ਅਦਾਰਿਆਂ ਦੇ ਨਾਲ਼ ਕੀਤਾ।
– 568 ਕਰੋੜ ਰੁਪਏ ਤੋਂ ਵਧ ਹਨ ਪੀਯੂ ਦੇ ਸਲਾਨਾ ਖਰਚੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 39 ਕਰੋੜ ਰੁਪਏ ਮਹੀਨਾ ਯਾਨੀ ਕਿ 468 ਕਰੋੜ ਰੁਪਏ ਸਲਾਨਾ ਤਨਖਾਹਾਂ ਦੇ ਬਣਦੇ ਹਨ। 100 ਕਰੋੜ ਰੁਪਏ ਹੋਰ ਵੱਖੋ ਵੱਖਰੇ ਖਰਚੇ ਹਨ। ਇਸ ਨਾਲ ਯੂਨੀਵਰਸਿਟੀ ਨੂੰ ਸਲਾਨਾ 500 ਕਰੋੜ ਰੁਪਏ ਚਾਹੀਦੇ ਹਨ। ਯੂਨੀਵਰਸਿਟੀ ਨੂੰ ਆਪਣੀ ਫੀਸਾਂ ਤੋਂ 200 ਕਰੋੜ ਰੁਪਏ ਸਲਾਨਾ ਮਿਲਦੇ ਹਨ, ਜਿਸ ਕਾਰਨ ਹੁਣ ਯੂਨੀਵਰਸਿਟੀ ਦਾ ਡੁਬਣਾ ਯਕੀਨੀ ਹੈ।
ਪੇਂਡੂ ਖਿੱਤੇ ਦੇ ਵਿਦਿਆਰਥੀਆਂ ਦੀ ਹੈ ਪੰਜਾਬੀ ਯੂਨੀਵਰਸਿਟੀ
ਪੰਜਾਬੀ ਯੂਨੀਵਰਸਿਟੀ ਵਿੱਚ ਖੇਤੀ ਸੰਕਟ ਦੇ ਮਾਰੇ ਮਾਲਵਾ ਖਿੱਤੇ ਦੇ ਪੇਂਡੂ ਇਲਾਕੇ ਨਾਲ਼ ਸੰਬੰਧਤ ਵਿਦਿਆਰਥੀ ਘੱਟ ਫੀਸਾਂ ਉੱਤੇ ਪੜ੍ਹਦੇ ਹਨ। ਇਨ੍ਹਾਂ ਵਿੱਚ ਗ਼ਰੀਬ, ਦਲਿਤ ਅਤੇ ਬੀਬੀਆਂ ਦੀ ਬਹੁਗਿਣਤੀ ਹੈ ਜੋ ਪੰਜਾਬ ਦੇ ਹੀ ਦੂਜੇ ਅਦਾਰਿਆਂ ਵਿੱਚ ਵਿੱਦਿਆ ਹਾਸਿਲ ਕਰਨ ਦੀ ਹਾਲਤ ਵਿੱਚ ਨਹੀਂ ਹਨ। ਜ਼ਿਕਰਗੋਚਰਾ ਹੈ ਕਿ ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਵਿੱਚ ਫੀਸਾਂ ਅੱਧੀਆਂ ਹਨ। ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਤਕਰੀਬਨ 290 ਕਾਲਜਾਂ ਵਿੱਚ ਸਵਾ ਦੋ ਲੱਖ ਵਿਦਿਆਰਥੀ ਪੜ੍ਹਦੇ ਹਨ।
ਬਨਾਵਟੀ ਬਜਟ ਨੇ ਸਰਕਾਰ ਦੀ ਅਸਲੀਅਤ ਸਾਹਮਣੇ ਲਿਆਂਦੀ : ਰੱਖੜਾ
ਸਾਬਕਾ ਉੱਚੇਰੀ ਸਿੱਖਿਆ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਿਕ ਬਨਾਵਟੀ ਬਜਟ ਨੇ ਸਰਕਾਰ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਵਧਾਉਣ ਦੀ ਥਾਂ ਕਟੌਤੀ ਕਰਨਾ ਇਹ ਸਾਬਿਤ ਕਰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪ੍ਰਤੀ ਸਰਕਾਰ ਦਾ ਕੋਈ ਮੋਹ ਨਹੀਂ ਹੈ। ਉਨ੍ਹਾਂ ਆਖਿਆ ਕਿ ਲੱਖਾਂ ਖੇਡੂ ਤੇ ਲੋੜਵੰਦ ਵਿਦਿਆਰਥੀਆਂ ਦੀ ਪੰਜਾਬੀ ਯੂਨੀਵਰਸਿਟੀ ਸਰਕਾਰ ਦੇ ਇਸ ਫੈਸਲੇ ਨਾਲ ਡੁੱਬ ਜਾਵੇਗੀ, ਜਦੋਂ ਕਿ ਪੰਜਾਬ ਸਰਕਾਰ ਨੂੰ ਘਟੋ ਘੱਟ 500 ਕਰੋੜ ਰੁਪਏ ਯੂਲੀਵਰਸਿਟੀ ਨੂੰ ਸਲਾਨਾ ਗਰਾਂਟ ਦੇਣੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਸਰਕਾਰ ਦੇ ਇਸ ਫੈਸਲੇ ਦਾ ਡਟਕੇ ਵਿਰੋਧ ਕਰ ਰਿਹਾ ਹੈ।