353 ਥਾਂਵਾ ਤੇ ਮਿਲੇ ਲਾਰਵੇ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ

ਪਟਿਆਲਾ, 24 ਅਕਤੂਬਰ 2025 – ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਤੋਂ ਬਚਾਅ ਲਈ ਹਰੇਕ ਸ਼ੁੱਕਰਵਾਰ ਮਨਾਏ ਜਾ ਰਹੇ ਡਰਾਈ-ਡੇਅ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗਲੀ / ਮੁਹੱਲਿਆਂ ਵਿਚ ਘਰ ਘਰ ਜਾ ਕੇ ਪਾਣੀ ਦੇ ਖੜ ਸਰੋਤਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਨਰਸਿੰਗ ਵਿਦਿਆਰਥਨਾਂ ਅਤੇ ਆਸ਼ਾ ਵਰਕਰਾਂ ਵੱਲੋਂ ਵੀ ਭਾਗ ਲਿਆ ਗਿਆ।

ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਨੇ ਆਖਿਆ ਕਿ ਪਟਿਆਲਾ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਇਲਾਜ ਸਬੰਧੀ ਪ੍ਰਬੰਧ ਮੁਕੰਮਲ ਹਨ ਅਤੇ ਲੋੜੀਂਦੀਆਂ ਹਰੇਕ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਹਨ ਤੇ ਸਾਰੇ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ।

ਉਨ੍ਹਾਂ ਆਖਿਆ ਕਿ ਪਾਣੀ ਨੂੰ ਕਿਤੇ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਜੇ ਕਿਤੇ ਪਾਣੀ ਖੜ੍ਹਾ ਰਹਿ ਵੀ ਜਾਂਦਾ ਹੈ ਤਾਂ ਪਾਣੀ ਦੇ ਖੜ੍ਹੇ ਸਰੋਤਾਂ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ।  ਜੇ ਕਿਸੇ ਨੂੰ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਤੇ ਸਾਰੇ ਸ਼ਰੀਰ ਵਿੱਚ ਦਰਦ ਹੁੰਦਾ ਹੈ ਤਾਂ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡੇਂਗੂ ਸਬੰਧੀ ਜਾਂਚ ਕਰਵਾਈ ਜਾਵੇ।

ਜਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ ਨੇ ਆਖਿਆ ਕਿ ਇਸ ਵਾਰੀ ਸਮੁੱਚੇ ਪਟਿਆਲਾ ਜਿਲ੍ਹੇ ਵਿੱਚ ਹੁਣ ਤੱਕ 436 ਡੇਂਗੂ ਦੇ ਕੇਸ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਫਤੇ ਜਿਲ੍ਹੇ ਭਰ ਦੇ 31399 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 353 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 997249 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 9894 ਥਾਂਵਾ ਤੇ ਮਿਲੇ ਲਾਰਵਾ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਉਹਨਾਂ ਆਖਿਆ ਕਿ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ ਦਾ ਇਹ ਸਿਖਰ ਸਮਾਂ ਹੈ ਇਸ ਲਈ ਦਿਨ ਦੇ ਸਮੇਂ ਜਾਲੀ ਵਾਲੇ ਖਿੜਕੀ ਦਰਵਾਜੇ ਬੰਦ ਰੱਖੇ ਜਾਣ, ਦਿਨ ਵੇਲੇ ਮੱਛਰ ਭਜਾਉਣ ਵਾਲੀ ਰਿਪੈਲੇਂਟ ਜਿਵੇਂ ਕਿ ਆਲ-ਆਉਟ ਆਦਿ ਲਗਾਏ ਜਾਣ।

Scroll to Top