12ਵੀਂ ਖੇਤਰੀ 3 ਆਰ, ਏਸ਼ੀਆ ਤੇ ਪ੍ਰਸ਼ਾਂਤ ‘ਚ ਸਰਕੂਲਰ ਆਰਥਿਕਤਾ ਫੋਰਮ ਸੰਪੰਨ
-ਅੰਤਰਰਾਸ਼ਟਰੀ ਪ੍ਰੋਗਰਾਮ ‘ਚ ਮੇਅਰ
ਕੁੰਦਨ ਗੋਗੀਆ ਨੇ ਕੀਤੀ ਪੰਜਾਬ ਦੀ ਨੁਮਾਇੰਦਗੀ
ਪਟਿਆਲਾ ਨੂੰ ਬਣਾਵਾਂਗੇ ਹੋਰ ਬਿਹਤਰ : ਮੇਅਰ ਗੋਗੀਆ
ਪਟਿਆਲਾ, 5 ਮਾਰਚ : ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਤਿੰਨ ਦਿਨਾਂ 12ਵਾਂ ਖੇਤਰੀ 3R (ਘਟਾਓ, ਮੁੜ ਵਰਤੋਂ, ਰੀਸਾਈਕਲ) ਅਤੇ ਸਰਕੂਲਰ ਇਕਾਨਮੀ ਫੋਰਮ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੰਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋ ਗਿਆ । ਜੈਪੁਰ, ਰਾਜਸਥਾਨ ਵਿੱਚ ਹੋਏ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਦੇ 4 ਮੈਂਬਰੀ ਡੈਲੀਗੇਟ ਵਿੱਚ ਡਾ. ਨਰੇਸ਼ ਭਾਰਧਵਾਜ ਪ੍ਰੋਜੈਕਟ ਡਾਇਰੈਕਟਰ ਸਾਲਿਡ ਵੇਸਟ ਮੈਨੇਜਮੈਂਟ ਸਥਾਨਕ ਸਰਕਾਰ, ਪੰਜਾਬ, ਕੁੰਦਨ ਗੋਗੀਆ ਮੇਅਰ ਨਗਰ ਨਿਗਮ ਪਟਿਆਲਾ, ਡਾ. ਰਜ਼ਤ ਓਬਰਾਏ ਕਮਿਸ਼ਨਰ ਨਗਰ ਨਿਗਮ ਪਟਿਆਲਾ ਅਤੇ ਵਿਨੀਤ ਧੀਰ ਮੇਅਰ ਨਗਰ ਨਿਗਮ ਜਲੰਧਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।
ਇਸ ਮੌਕੇ ਸੰਬੋਧਨ ਕਰਦਿਆਂ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਬਾਗਾਂ ਦਾ ਸ਼ਹਿਰ ਹੈ ਅਤੇ ਇਹ ਧਾਰਮਿਕ ਸਥਾਨਾਂ ਅਤੇ ਵਿੱਦਿਅਕ ਅਦਾਰਿਆਂ ਦਾ ਕੇਂਦਰ ਹੈ, ਇਸ ਲਈ ਅਸੀਂ ਵੀ ਜੈਪੁਰ ਤਰ੍ਹਾਂ ਆਪਣੇ ਸ਼ਹਿਰ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਦੌਰਾਨ ਉਨਾਂ ਵੱਲੋਂ ਜੈਪੁਰ ਦੇ ਸਥਾਨਕ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਜੈਪੁਰ ਪਿਛਲੇ ਸਾਲ ਨਾਲੋਂ ਇਸ ਵਾਰ ਬਹੁਤ ਸੋਹਣਾ ਤੇ ਸਵੱਛ ਲੱਗ ਰਿਹਾ ਹੈ । ਮੇਅਰ ਕੁੰਦਨ ਗੋਗੀਆ ਨੇ ਜ਼ਿਕਰ ਕੀਤਾ ਕਿ ਚੱਕਰੀ ਆਰਥਿਕਤਾ ਨਾ ਸਿਰਫ਼ ਅੱਜ ਦੀ ਲੋੜ ਹੈ, ਸਗੋਂ ਸਾਡੇ ਭਵਿੱਖ ਲਈ ਵੀ ਹੈ । ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ, ਜੈਵ ਵਿਭਿੰਨਤਾ ਨੁਕਸਾਨ ਅਤੇ ਪ੍ਰਦੂਸ਼ਣ ਵਰਗੇ ਮੁੱਦੇ ਪ੍ਰਿਥਵੀ ਗ੍ਰਹਿ ਲਈ ਚੁਣੌਤੀਆਂ ਪੈਦਾ ਕਰ ਰਹੇ ਹਨ ਅਤੇ ਚੱਕਰੀ ਆਰਥਿਕਤਾ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਪ੍ਰਣਾਲੀ ਹੈ, ਜਿੱਥੇ ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ ਰੀਸਾਈਕਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਊਰਜਾ ਦੀ ਖਪਤ ਘੱਟ ਜਾਂਦੀ ਹੈ ਅਤੇ ਅਖੁੱਟ ਊਰਜਾ (Integral energy) ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ । ਉਹਨਾਂ ਕਿਹਾ ਕਿ ਉਹ ਆਪਣੇ ਸ਼ਹਿਰ ਪਟਿਆਲਾ ਨੂੰ ਹੋਰ ਸੋਹਣਾ ਬਣਾਉਣ ਲਈ ਇਸ ਪ੍ਰੋਗਰਾਮ ਵਿੱਚੋਂ ਮਿਲੇ ਸਬਕ ਨੂੰ ਵਿਧੀਵਧ ਤਰੀਕੇ ਨਾਲ ਲਾਗੂ ਕਰਨ ਤੇ ਜ਼ੋਰ ਦੇਣਗੇ ।
ਇਸ ਮੌਕੇ ਡਾ. ਰਜਤ ਓਬਰਾਏ ਕਮਿਸ਼ਨਰ ਨਗਰ ਨਿਗਮ ਪਟਿਆਲਾ ਨੇ ਕਿਹਾ ਕਿ ਅਸੀਂ ਪਟਿਆਲਾ ਸ਼ਹਿਰ ਵਿੱਚ ਸਰੋਤਾਂ ਨੂੰ ਵੱਖ ਕਰਨ, ਕੂੜੇ ਦੀ ਪ੍ਰੋਸੈਸਿੰਗ ਅਤੇ ਸਫਾਈ ਵਿੱਚ ਸੁਧਾਰ ਕਰਨ ਅਤੇ ਇੱਕ ਸੁੰਦਰ ਸ਼ਹਿਰ ਬਣਾਉਣ ਲਈ ਇੱਕ ਰੂਪਰੇਖਾ ਤਿਆਰ ਕਰਨ ਜਾ ਰਹੇ ਹਾਂ । ਜ਼ਿਕਰਯੋਗ ਹੈ ਕਿ ਇਹ ਫੋਰਮ ਮੁੱਖ ਤੌਰ ‘ਤੇ 3R (ਰਿਡਿਊਸ, ਰੀਯੂਜ਼, ਰੀਸਾਈਕਲ), ਸੋਰਸ ਸੇਗਰੀਗੇਸ਼ਨ, ਵੇਸਟ ਪ੍ਰੋਸੈਸਿੰਗ, ਸੀਵਰੇਜ ਪ੍ਰਬੰਧਨ ਅਤੇ ਸਰਕੂਲਰ ਆਰਥਿਕਤਾ ਅਤੇ ਸ਼ਹਿਰਾਂ ਦੀ ਸਮੁੱਚੀ ਸਵੱਛਤਾ ‘ਤੇ ਆਧਾਰਿਤ ਹੈ, ਜਿਸ ਵਿਚ ਆਸਟ੍ਰੇਲੀਆ, ਚੀਨ, ਜਾਪਾਨ, ਪਾਕਿਸਤਾਨ, ਕੋਰੀਆ, ਸਿੰਗਾਪੁਰ, ਨਿਊਜ਼ੀਲੈਂਡ ਆਦਿ ਸਮੇਤ ਕੁੱਲ 38 ਦੇਸ਼ਾਂ ਤੋਂ ਇਕ ਹਜਾਰ ਡੈਲੀਗੇਟਸ ਨੇ ਹਿੱਸਾ ਲਿਆ ਤੇ ਇਸ ਵਾਰ ਭਾਰਤ ਨੇ ਇਸ ਦੀ ਮੇਜ਼ਬਾਨੀ ਕੀਤੀ ।