ਦਿੱਲੀ, 6 ਦਸੰਬਰ : ਦੇਸ਼ ਅੰਦਰ ਇਕ ਪਾਸੇ ਜਿਥੇ ਉਡਾਨਾਂ ਨੂੰ ਲੈ ਕੇ ਅਸਮੰਜਸ ਵਾਲੀ ਸਥਿਤੀ ਬਣੀ ਪਈ ਹੈ। ਹੁਣ ਉਥੇ ਦੂਸਰੇ ਪਾਸੇ ਹੈਦਰਾਬਾਦ ਹਵਾਈ ਅੱਡੇ ’ਤੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਬ੍ਰਿਟਿਸ਼ ਏਅਰਵੇਜ਼ ਦੀ ਉਡਾਣ 277 ਅਤੇ ਕੁਵੈਤ ਏਅਰਵੇਜ਼ ਦੀ ਉਡਾਣ 373 ਨੂੰ ਧਮਕੀ ਦੇਣ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਵਾਂ ਉਡਾਣਾਂ ਨੂੰ ਮਿਲੀਆਂ ਬੰਬ ਧਮਕੀਆਂ ਝੂਠੀਆਂ ਸਾਬਤ ਹੋਈਆਂ ਹਨ। ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦਾ ਸ਼ੱਕੀ ਸਮੱਗਰੀ ਜਾਂ ਖ਼ਤਰਾ ਨਹੀਂ ਮਿਲਿਆ।
ਹੀਥਰੋ ਤੋਂ ਹੈਦਰਾਬਾਦ ਆ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ BA 277 ਸਵੇਰੇ 5:25 ਵਜੇ ਸੁਰੱਖਿਅਤ ਉਤਰੀ, ਜਿਸ ਤੋਂ ਬਾਅਦ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰ ਦਿੱਤੇ ਗਏ। ਇਸੇ ਤਰ੍ਹਾਂ ਕੁਵੈਤ ਤੋਂ ਉੱਡੀ KU 373 ਵੀ ਹੈਦਰਾਬਾਦ ਪਹੁੰਚ ਗਈ ਤੇ ਯਾਤਰੀਆਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾ ਕੇ ਜਹਾਜ਼ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਦਸਿਆ ਕਿ ਇਹ ਧਮਕੀਆਂ ਝੂਠੀਆਂ ਸਨ।