ਹਾਈ ਕੋਰਟ ਨੇ ਬੀ. ਆਰ. ਐੱਸ. ਆਗੂ ਕੇ ਕਵਿਤਾ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
ਨਵੀਂ ਦਿੱਲੀ, 1 ਜੁਲਾਈ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਹਾਈ ਕੋਰਟ ਨੇ ਅੱਜ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਦੋ ਮਾਮਲਿਆਂ ਵਿੱਚ ਬੀ. ਆਰ. ਐੱਸ. ਆਗੂ ਕੇ ਕਵਿਤਾ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਜਿਨ੍ਹਾਂ ਨੇ 28 ਮਈ ਨੂੰ ਜ਼ਮਾਨਤ ਸਬੰਧੀ ਇਨ੍ਹਾਂ ਅਰਜ਼ੀਆਂ ’ਤੇ ਫੈਸਲਾ ਰਾਖਵਾਂ ਰੱਖ ਲਿਆ ਸੀ, ਨੇ ਅੱਜ ਇਹ ਅਰਜ਼ੀਆਂ ਨਾ-ਮਨਜ਼ੂਰ ਕਰ ਦਿੱਤੀਆਂ। ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਵਿਸਥਾਰ ’ਚ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਸੀ। ਕਵਿਤਾ ਨੇ ਹੇਠਲੀ ਅਦਾਲਤ ਦੇ 6 ਮਈ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ, ਜਿਨ੍ਹਾਂ ਤਹਿਤ ਸੀਬੀਆਈ ਦੇ ਭ੍ਰਿਸ਼ਟਾਚਾਰ ਮਾਮਲੇ ਅਤੇ ਈਡੀ ਦੇ ਮਨੀ ਲਾਂਡਰਿੰਗ ਮਾਮਲੇ ’ਚ ਉਸ ਦੀਆਂ ਜ਼ਮਾਨਤ ਸਬੰਧੀ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਸਨ ।