ਸੜਕ ਸੁਰੱਖਿਆ ਮਹੀਨੇ ਤਹਿਤ ਟਰੱਕ ਡਰਾਇਵਰਾਂ ਦੀਆਂ ਅੱਖਾਂ ਦਾ ਚੈਕਅਪ ਕੈਂਪ ਲਗਾਇਆ-ਨਮਨ ਮਾਰਕੰਨ

ਸੜਕ ਸੁਰੱਖਿਆ ਮਹੀਨੇ ਤਹਿਤ ਟਰੱਕ ਡਰਾਇਵਰਾਂ ਦੀਆਂ ਅੱਖਾਂ ਦਾ ਚੈਕਅਪ ਕੈਂਪ ਲਗਾਇਆ-ਨਮਨ ਮਾਰਕੰਨ
-ਮਾਤਾ ਕੌਸ਼ੱਲਿਆ ਹਸਪਤਾਲ ‘ਚ 40 ਟਰੱਕ ਡਰਾਇਵਰਾਂ ਦੀਆਂ ਅੱਖਾਂ ਦੀ ਜਾਂਚ
ਪਟਿਆਲਾ, 14 ਜਨਵਰੀ : ਸੜਕ ਸੁਰੱਖਿਆ ਮਹੀਨੇ ਤਹਿਤ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਪਟਿਆਲਾ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਲੀਕੇ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਇੱਥੇ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਟਰੱਕ ਡਰਾਇਵਰਾਂ ਦੀਆਂ ਅੱਖਾਂ ਦਾ ਮੈਡੀਕਲ ਚੈਕਅਪ ਕਰਵਾਇਆ । ਇਹ ਜਾਣਕਾਰੀ ਦਿੰਦਿਆਂ ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੇ ਦੱਸਿਆ ਕਿ ਟਰੱਕ ਯੂਨੀਅਨ ਪਟਿਆਲਾ ਦੇ ਮੈਂਬਰ ਡਰਾਇਵਰਾਂ ਨੂੰ ਜਿੱਥੇ ਸੜਕੀ ਨੇਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਥੇ ਹੀ ਉਨ੍ਹਾਂ ਦੀਆਂ ਅੱਖਾਂ ਦੀ ਵੀ ਜਾਂਚ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ । ਆਰ. ਟੀ. ਓ. ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਵੱਲੋਂ ਜ਼ਿਲ੍ਹਾ ਟ੍ਰੈਫਿਕ ਪੁਲਸ ਦੇ ਨਾਲ ਮਿਲ ਕੇ ਲੋਕਾਂ ਨੂੰ ਜਿੱਥੇ ਆਵਾਜਾਈ ਨੇਮਾਂ ਬਾਰੇ ਜਾਗਰੂਕ ਕਰਨ ਲਈ ਪੂਰੇ ਮਹੀਨੇ ਦੌਰਾਨ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਉਥੇ ਹੀ ਸੇਫ਼ ਸਕੂਲ ਵਾਹਨ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਕੂਲੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ।
ਨਮਨ ਮਾਰਕੰਨ ਨੇ ਅੱਗੇ ਦੱਸਿਆ ਕਿ ਅੱਜ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦੇ ਅੱਖਾਂ ਦੇ ਡਾਕਟਰ ਡਾ. ਡਿੰਪੀ ਨੇ 40 ਦੇ ਕਰੀਬ ਪਟਿਆਲਾ ਟਰੱਕ ਯੂਨੀਅਨ ਦੇ ਮੈਂਬਰ ਡਰਾਇਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਦੌਰਾਨ ਟਰੱਕ ਯੂਨੀਅਨ ਦੇ ਨੁਮਾਇੰਦੇ ਸ੍ਰੀ ਰਾਣਾ ਨੇ ਕਿਹਾ ਕਿ ਉਹ ਆਪਣੀ ਯੂਨੀਅਨ ਦੇ ਸਾਰੇ ਡਰਾਇਵਰਾਂ ਨੂੰ ਆਵਾਜਾਈ ਨੇਮਾਂ ਬਾਰੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਤੋਂ ਲਗਾਤਾਰ ਜਾਣੂ ਕਰਵਾ ਰਹੇ ਹਾਂ ਤਾਂ ਕਿ ਸੜਕਾਂ ‘ਤੇ ਹੁੰਦੇ ਹਾਦਸੇ ਟਾਲੇ ਜਾ ਸਕਣ । ਆਰ. ਟੀ. ਓ. ਨੇ ਅੱਗੇ ਕਿਹਾ ਕਿ ਸੜਕ ਸੁਰੱਖਿਆ ਮਹੀਨੇ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਸਕੂਲਾਂ ਕਾਲਜਾਂ, ਯੂਨੀਵਰਸਿਟੀ, ਟਰੱਕ ਯੂਨੀਅਨ, ਟੈਕਸੀ ਸਟੈਂਡ ਵਿਖੇ ਜਾ ਕੇ ਨੌਜਵਾਨਾਂ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਧੁੰਦ ਦੇ ਮੌਸਮ ਨੂੰ ਵੇਖਦਿਆਂ ਟਰੈਕਟਰ ਟਰਾਲੀਆਂ, ਟਰੱਕਾਂ, ਕਾਰਾ ਅਤੇ ਹੋਰ ਵਹੀਕਲਜ਼ ਉਪਰ ਰਿਫ਼ਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਧੁੰਦ ਕਾਰਨ ਕੋਈ ਹਾਦਸਾ ਨਾ ਵਾਪਰੇ ।

Leave a Comment

Your email address will not be published. Required fields are marked *

Scroll to Top