ਸੁਕਮਾ ਵਿੱਚ ਚਾਰ ਨਕਸਲੀਆਂ ਨੇ ਛੱਡੀ ਹਿੰਸਾ ਦੀ ਰਾਹ, ਕੀਤਾ ਆਤਮ ਸਮਰਪਣ

ਛੱਤੀਸਗੜ੍ਹ, 30 ਜਨਵਰੀ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਜਿਥੇ ਸੁਰਖਿਆ ਫੋਰਸਾਂ ਵਲੋ ਨਕਸਲਵਾਦ ਨੂੰ ਖਤਮ ਕਰਨ ਲਈ ਜੰਗੀ ਪੱਧਰ ਤੇ ਅਭਿਆਨ ਚਲਾਇਆ ਜਾ ਰਿਹਾ ਹੈ, ਉਥੇ ਦੂਸਰੇ ਪਾਸੇ ਤਾਜਾ ਮਾਮਲੇ ਵਿਚ ਦੋ ਮਹਿਲਾਵਾਂ ਸਮੇਤ ਚਾਰ ਨਕਸਲੀ ਕਾਡਰਾਂ ਨੇ ਹਿੰਸਾ ਦਾ ਰਸਤਾ ਤਿਆਗਦੇ ਹੋਏ ਆਪਣੇ ਹਥਿਆਰਾਂ ਸਮੇਤ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹ ਆਤਮ ਸਮਰਪਣ ਸੂਬਾ ਸਰਕਾਰ ਦੀ ਨਕਸਲ ਮੁਕਤੀ ਅਤੇ ਪੁਨਰਵਾਸ ਨੀਤੀ ਤਹਿਤ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਆਤਮ ਸਮਰਪਣ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਅਮਨ ਅਤੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਹੇ ਹਨ।

ਉਨਾ ਦੱਸਿਆ ਕਿ ਆਤਮ ਸਮਰਪਣ ਕਰਨ ਵਾਲੇ ਇਹ ਨਕਸਲੀ ਦੱਖਣੀ ਬਸਤਰ ਡਿਵੀਜ਼ਨ ਦੀ ਕਿਸਤਾਰਾਮ ਏਰੀਆ ਕਮੇਟੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਰਾਜ ਸਰਕਾਰ ਦੀ ‘ਪੂਨਾ ਮਾਰਗੇਮ’ ਯੋਜਨਾ ਤੋਂ ਪ੍ਰਭਾਵਿਤ ਹੋ ਕੇ ਮੁੱਖਧਾਰਾ ਵਿੱਚ ਵਾਪਸੀ ਦਾ ਫੈਸਲਾ ਕੀਤਾ। ਪੁਲੀਸ ਅਧਿਕਾਰੀਆਂ ਮੁਤਾਬਕ ਆਤਮ ਸਮਰਪਣ ਕਰਨ ਵਾਲਿਆਂ ਵਿੱਚ ਏਰੀਆ ਕਮੇਟੀ ਮੈਂਬਰ ਸੋਢੀ ਜੋਗਾ ਵੀ ਸ਼ਾਮਲ ਹੈ, ਜਿਸ ’ਤੇ ਪੰਜ ਲੱਖ ਰੁਪਏ ਦਾ ਇਨਾਮ ਘੋਸ਼ਿਤ ਸੀ। ਇਸ ਤੋਂ ਇਲਾਵਾ ਡਾਬਰ ਗੰਗਾ ਉਰਫ਼ ਮਡਕਮ ਗੰਗਾ, ਸੋਢੀ ਰਾਜੇ ਅਤੇ ਮਾਧਵੀ ਬੁਧਾਰੀ ’ਤੇ ਇੱਕ-ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

Scroll to Top