ਪਟਿਆਲਾ 11 ਨਵੰਬਰ – ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਪਟਿਆਲਾ ਡਾ.ਸੰਜੇ ਕਾਮਰਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਸਿਹਤ ਵਿਭਾਗ ਪਟਿਆਲਾ ਵੱਲੋਂ ਜਿਲ੍ਹੇ ਦੀਆਂ ਸਮੂਹ ਸੰਸਥਾਵਾਂ ਦੇ ਏਰੀਏ ਵਿੱਚ 10 ਤੋਂ 17 ਨਵੰਬਰ ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਕੂਲੀ ਬੱਚਿਆਂ ਦਾ ਵੀ ਟੀਕਾਕਰਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤਾ ਜਾ ਰਿਹਾ ਹੈ।
ਟੀਕਾਕਰਨ ਹਫਤੇ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ.ਸੰਜੇ ਕਾਮਰਾ ਨੇ ਕਿਹਾ ਕਿ ਹਫਤਾ ਭਰ ਚੱਲਣ ਵਾਲੀ ਇਸ ਕੰਪੇਨ ਦੀ ਅਗਵਾਈ ਜਿਲ੍ਹਾ ਟੀਕਾਕਰ ਅਫਸਰ ਡਾ. ਕੁਸ਼ਲਦੀਪ ਗਿੱਲ ਵਲੋਂ ਕੀਤੀ ਜਾ ਰਹੀ ਹੈ। ਜੋ ਕਿ ਜਿਲ੍ਹੇ ਭਰ ਵਿੱਚ ਗਠਿਤ ਕੀਤੀਆਂ ਗਈਆਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਚੈਕਿੰਗ ਵੀ ਕਰ ਰਹੇ ਹਨ ਅਤੇ
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹਿਲਾਂ ਤੋਂ ਹੀ ਘਰ ਘਰ ਜਾ ਕੇ ਡਰਾਪ ਆਉਟ ਤੇ ਲੈਫਟ ਆਉਟ ਬੱਚਿਆਂ ਤੇ ਗਰਭਵਤੀ ਮਾਵਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਸਬੰਧੀ ਬਕਾਇਦਾ ਐਕਸ਼ਨ ਪਲਾਨ ਬਣਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ ਜਾਂ ਗਰਭਵਤੀ ਔਰਤ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਇਸ ਕੰਪੇਨ ਦੌਰਾਨ ਉੱਚ ਜੋਖਮ ਵਾਲੇ ਖੇਤਰਾਂ ਅਤੇ ਮਾਈਗਰੇਟ ਆਬਾਦੀ ਦੇ ਘਰਾਂ ਵਿੱਚ ਪੈਦਾ ਹੋਏ ਨਵਜੰਮੇ ਬੱਚੇ, ਝੁਗੀਆਂ ਝੋਪੜੀਆਂ ,ਅਨਾਥ ਆਸ਼ਰਮਾਂ ਤੇ ਅਨਾਜ ਮੰਡੀਆਂ ਵਿੱਚ ਕੰਮ ਕਰਦੀ ਲੇਬਰ ਦੇ ਬੱਚੇ ,ਖਸਰਾ ਆਦਿ ਫੈਲਣ ਵਾਲੇ ਖੇਤਰਾਂ ਵਿੱਚ ਰਹਿੰਦੀ ਆਬਾਦੀ ਦੇ ਬੱਚਿਆਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੰਪੇਨ ਦੌਰਾਨ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਜਰੂਰ ਕਰਵਾਉਣ ਅਤੇ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ।