ਪਟਿਆਲਾ 20 ਨਵੰਬਰ – ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਵਾ ਪ੍ਰਦੂਸ਼ਣ ਦੀ ਗੰਭੀਰਤਾ ਦੇ ਮੱਦੇ ਨਜ਼ਰ ਸਿਵਿਲ ਸਰਜਨ ਡਾ.ਸੰਜੇ ਕਾਮਰਾ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਜਰੂਰੀ ਸਾਵਧਾਨੀਆਂ ਵਰਤਨ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਾਸਤੇ ਵਾਤਾਵਰਣ ਦਾ ਸਾਫ ਅਤੇ ਸਵੱਛ ਹੋਣਾ ਬਹੁਤ ਜਰੂਰੀ ਹੈ।
ਸਿਵਲ ਸਰਜਨ ਡਾ.ਸੰਜੇ ਕਾਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਾ ਪ੍ਰਦੂਸ਼ਣ ਦਾ ਛੋਟੇ ਬੱਚਿਆਂ ,ਗਰਭਵਤੀ ਔਰਤਾਂ, 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗਾਂ, ਸ਼ੂਗਰ ,ਸਾਹ ,ਦਮਾਂ ,ਦਿਲ ਦੀਆਂ ਬਿਮਾਰੀਆਂ ਆਦਿ ਤੋਂ ਪੀੜਤ ਮਰੀਜਾ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਹਨਾਂ ਦੱਸਿਆ ਕਿ ਹਵਾ ਪ੍ਰਦੂਸ਼ਣ ਨਾਲ ਖੰਘ, ਸਾਂਹ ਚੜਨਾ, ਨਜਲਾ, ਜੁਕਾਮ, ਅੱਖਾਂ ਵਿੱਚ ਲਾਲੀ, ਖਾਰਿਸ਼ ਘਬਰਾਹਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਇਸ ਲਈ ਛੋਟੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਜਿਆਦਾ ਸਮੇਂ ਤੋਂ ਬਿਮਾਰੀ ਤੋਂ ਪੀੜਤ ਮਰੀਜਾ ਨੂੰ ਬਾਹਰੀ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਦੌਰਾਨ ਖਾਸ ਕਰਕੇ ਸਵੇਰੇ ਸ਼ਾਮ ਬਾਹਰੀ ਗਤੀਵਿਧੀਆਂ ਤੋਂ ਪਰਹੇਜ ਕਰਨਾ ਚਾਹੀਦਾ ਹੈ ,ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਅਤੇ ਪੂਰਾ ਤਨ ਢਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ।
ਸੰਤੁਲਿਤ ਖੁਰਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਮਸ਼ੀਨਰੀ ਦੀ ਜਗ੍ਹਾ ਹੱਥੀ ਕੰਮ ਕਰਨ ਨੂੰ ਤਵੱਜੋ ਦੇਣੀ ਚਾਹੀਦੀ ਹੈ। ਜਿੰਨਾ ਜਿਆਦਾ ਹੋ ਸਕੇ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ। ਵੱਧ ਤੋਂ ਵੱਧ ਸਾਈਕਲਾਂ ਦੀ ਵਰਤੋਂ ਕੀਤੀ ਜਾਵੇ। ਪਰਾਲੀ ਨੂੰ ਅੱਗਾਂ ਨਾ ਲਾਈਆਂ ਜਾਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਹਨ।