ਪਟਿਆਲਾ 11 ਸਤੰਬਰ – ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਸਿਹਤ ਵਿਭਾਗ ਪਟਿਆਲਾ ਅਤੇ ਪੰਜਾਬ ਸਟੇਟ ਕੰਟਰੋਲ ਏਡਸ ਸੋਸਾਇਟੀ ਦੀ ਜਿਲ੍ਹਾ ਦਿਸ਼ਾ ਕਲਸਟਰ ਪਟਿਆਲਾ ਵੱਲੋਂ “ਐਚ ਆਈਵੀ ਮਰੀਜ਼ਾਂ ਦੀ ਸਮਾਜਿਕ ਸੁਰੱਖਿਆ” ਵਿਸ਼ੇ ਤਹਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ ਨੈਸ਼ਨਲ ਏਡਸ ਕੰਟਰੋਲ ਪ੍ਰੋਗਰਾਮ ਤਹਿਤ ਐਚ.ਆਈ.ਵੀ ਪੀੜਿਤ ਲੋਕਾਂ ਨੂੰ ਮੁਫਤ ਅਤੇ ਜੀਵਨ ਭਰ ਲਈ ਐਂਟੀ ਰੈਟਰੋ ਵਾਇਰਲ ਦਵਾਈਆਂ ਮੁਹੱਈਆ ਕਰਾਈਆਂ ਜਾਂਦੀਆਂ ਹਨ। ਇਹਨਾਂ ਨੂੰ ਏ.ਆਰ.ਟੀ ਸੈਂਟਰ ਵਿੱਚ ਰਜਿਸਟਰਡ ਕੀਤਾ ਜਾਂਦਾ ਹੈ। ਇਹ ਸੈਂਟਰ ਸਾਰੇ ਮੈਡੀਕਲ ਕਾਲਜ ਅਤੇ ਜਿਲ੍ਹਾ ਹਸਪਤਾਲਾਂ ਵਿੱਚ ਸਥਾਪਿਤ ਕੀਤੇ ਗਏ ਹਨ। ਇਹਨਾਂ ਸੈਂਟਰਾਂ ਤੇ ਮਰੀਜ਼ਾਂ ਦੀ ਕੌਂਸਲਿੰਗ ਸਿਹਤ ਸੰਬੰਧੀ ਸਲਾਹ ਮਸ਼ਵਰਾ, ਇਲਾਜ਼ ਅਤੇ ਜ਼ਰੂਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਬੋਲਦਿਆਂ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ ਡਾ.ਐਸ.ਜੇ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਸਿਹਤ ਅਤੇ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਰੀਜ਼ਾਂ ਦੇ ਅਧਿਕਾਰਾਂ ਦੀ ਵੀ ਰਾਖੀ ਕੀਤੀ ਜਾਣੀ ਚਾਹੀਦੀ ਹੈ। ਐਚ.ਆਈ.ਵੀ ਪੀੜਤਾਂ ਪ੍ਰਤੀ ਸਮਾਜ ਦੇ ਨਾਕਾਰਾਤਮਕ ਦ੍ਰਿਸ਼ਟੀਕੋਨ ਨੂੰ ਬਦਲਣ ਦੀ ਜਰੂਰਤ ਹੈ। ਇਸ ਲਈ ਸਾਰਿਆਂ ਨੂੰ ਹੀ ਜਾਗਰੂਕ ਕਰਨ ਦੀ ਲੋੜ ਹੈ।
ਪੀੜਿਤ ਐਚ.ਆਈ.ਵੀ ਮਰੀਜ਼ ਨੂੰ ਸਿੱਖਿਆ, ਰੁਜ਼ਗਾਰ ,ਪਹਿਚਾਣ ਗੁਪਤ ਰੱਖਣ, ਹੈਲਥ ਕੇਅਰ ਸਰਵਿਸ ਤੇ ਸਰਕਾਰ ਤੋਂ ਵਿੱਤੀ ਮਦਦ ਲੈਣ ਦਾ ਪੂਰਨ ਅਧਿਕਾਰ ਹੈ ਅਤੇ ਜੇਕਰ ਕਿਤੇ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਕਾਨੂੰਨੀ ਮਦਦ ਲੈਣ ਦਾ ਵੀ ਅਧਿਕਾਰ ਹੈ। ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਆਏ ਹੋਏ ਪ੍ਰਤੀਨਿਧਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਵੱਖ ਵੱਖ ਵਿਭਾਗਾਂ ਜਿਸ ਤਰ੍ਹਾਂ ਫੂਡ ਤੇ ਸਪਲਾਈ ਵਿਭਾਗ ,ਸਮਾਜਿਕ ਸੁਰੱਖਿਆ ਔਰਤਾਂ ਤੇ ਬੱਚਿਆਂ ਦਾ ਭਲਾਈ ਵਿਭਾਗ, ਰੂਰਲ ਡਿਪਾਰਟਮੈਂਟ , ਸਥਾਨਿਕ ਸਰਕਾਰਾਂ ਵਿਭਾਗ, ਲੇਬਰ ਵਿਭਾਗ, ਰੋਜ਼ਗਾਰ ਵਿਭਾਗ ਅਤੇ ਕਾਮਨ ਸਰਵਿਸ ਸੈਂਟਰਾਂ ਦੇ ਨੁਮਾਇੰਦਿਆਂ ਵੱਲੋਂ ਐਚ.ਆਈ.ਵੀ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਦਿਸ਼ਾ ਕਲਸਟਰ ਟੀਮ ਦੇ ਇੰਚਾਰਜ ਡਾ. ਗੁਰਪ੍ਰੀਤ ਨਾਗਰਾ, ਏਡਸ ਕੰਟਰੋਲ ਪ੍ਰੋਗਰਾਮ ਅਫਸਰ ਸ੍ਰੀ ਯਾਦਵਿੰਦਰ ਸਿੰਘ, ਨਿਤਿਨ ਸੀ.ਐਸ.ਓ, ਜਸਪ੍ਰੀਤ ਸਿੰਘ ਸੀ.ਪੀ.ਓ, ਡਾਕਟਰ ਅਮਨਦੀਪ ਕੌਰ ਡੀ.ਐਮ.ਡੀ.ਓ ਅਤੇ ਮਾਸ ਮੀਡੀਆ ਵਿੰਗ ਦਫਤਰ ਸਿਵਲ ਸਰਜਨ ਪਟਿਆਲਾ ਦੀ ਟੀਮ ਮੌਕੇ ਤੇ ਮੌਜੂਦ ਰਹੀ। ਇਸ ਮੌਕੇ ਏਆਰਟੀ ਆਈਸੀਟੀਸੀ ਐਸਐਸ ਕੇ ਟੀ ਆਈ ਪ੍ਰੋਜੈਕਟ ਕੋਆਰਡੀਨੇਟਰ ਤੇ ਵੱਖ ਵੱਖ ਕੌਂਸਲਰ ਨੇ ਭਾਗ ਲਿਆ।