ਸਿਹਤ ਮੰਤਰੀ ਵੱਲੋਂ ਪਟਿਆਲਾ ਦਿਹਾਤੀ ਲਈ 77 ਕਰੋੜ ਦੀ ਵੱਡੀ ਸੌਗਾਤ – ਡਾ. ਬਲਬੀਰ ਸਿੰਘ

ਪਟਿਆਲਾ, 18 ਮਾਰਚ : ਪਟਿਆਲਾ ਦਿਹਾਤੀ ਖੇਤਰ ਲਈ ਅੱਜ ਦਾ ਦਿਨ ਇਕ ਇਤਿਹਾਸਕ ਮੌਕੇ ਵਜੋਂ ਸਾਹਮਣੇ ਆਇਆ, ਜਦੋਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਚਹੁੰਮੁਖੀ ਵਿਕਾਸ ਲਈ ਵੱਡੇ ਐਲਾਨ ਕੀਤੇ ਗਏ।  ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਸਾਕਾਰ ਕਰਦਿਆਂ “ਰੰਗਲਾ ਪੰਜਾਬ” ਮੁਹਿੰਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਦੇ ਵਿਕਾਸ ਲਈ 77 ਕਰੋੜ ਰੁਪਏ ਦੀ ਵੱਡੀ ਰਾਸ਼ੀ ਜਾਰੀ ਕੀਤੀ ਗਈ।

ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਕਦਮਾਂ ਦਾ ਐਲਾਨ ਕੀਤਾ। ਓਹਨਾ ਸਰਪੰਚਾਂ ਨੂੰ 5-5 ਲੱਖ ਰੁਪਏ ਦੇ ਚੈਕ ਵੀ ਸੌਂਪੇ , ਜਿਸ ਨਾਲ ਪਿੰਡ ਪੱਧਰ ‘ਤੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ। ਇਹ ਫੰਡ ਪਿੰਡਾਂ ਵਿੱਚ ਸੜਕਾਂ, ਸਫਾਈ ਪ੍ਰਬੰਧ, ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਲਈ ਵਰਤੇ ਜਾਣਗੇ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਉਦੇਸ਼ ਸਿਰਫ਼ ਢਾਂਚਾਗਤ ਵਿਕਾਸ ਹੀ ਨਹੀਂ, ਸਗੋਂ ਹਰ ਪਿੰਡ ਅਤੇ ਹਰ ਸ਼ਹਿਰ ਨੂੰ ਸੁਚੱਜਾ, ਸਾਫ਼-ਸੁਥਰਾ ਅਤੇ ਤੰਦਰੁਸਤ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀ ਪੱਧਰ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਪਟਿਆਲਾ ਵਿਖੇ ਮਾਨ ਸਰਕਾਰ ਨੇ ਲੋਕਾਂ ਨਾਲ ਕੀਤਾ ਵਾਅਦਾ ਇਕ ਵਾਰ ਫਿਰ ਪੂਰਾ ਕਰਦਿਆਂ ਲੋਕਾਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ 6 ਮੁਫ਼ਤ ਬੱਸਾਂ ਦੀ ਸ਼ੁਰੂਆਤ ਕੀਤੀ ਗਈ। ਸਿਹਤ ਮੰਤਰੀ ਵੱਲੋਂ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜਿਸ ਨਾਲ ਪਿੰਡਾਂ ਦੇ ਵਿਦਿਆਰਥੀਆਂ, ਮਜ਼ਦੂਰਾਂ ਅਤੇ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਓਹਨਾ ਕਿਹਾ ਕਿ ਹੁਣ ਪਿੰਡਾਂ ਵਿੱਚ 2 ਮੋਬਾਈਲ ਪਸ਼ੂ ਕਲੀਨਿਕ ਬੱਸਾਂ ਵੀ ਪਹੁੰਚਣਗੀਆਂ, ਜੋ ਪਸ਼ੂਆਂ ਨੂੰ ਘਰ ਦੇ ਨੇੜੇ ਹੀ ਮੁਫ਼ਤ ਇਲਾਜ ਪ੍ਰਦਾਨ ਕਰਨਗੀਆਂ। ਇਹ ਸਹੂਲਤ ਪਸ਼ੂ ਪਾਲਕਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰੇਗੀ।

Scroll to Top