ਪਟਿਆਲਾ,9 ਜਨਵਰੀ : ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ 10ਵਾਂ ਆਰਮਡ ਫੋਰਸਿਜ਼ ਵੈਟਰਨਜ਼ ਦਿਵਸ ਮਨਾਉਣ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਕੈਂਪ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਪਟਿਆਲਾ ਵਿਖੇ ਮਿਤੀ 13 ਜਨਵਰੀ 2026 ਅਤੇ 14 ਜਨਵਰੀ 2026 ਨੂੰ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਉਹ ਸਾਬਕਾ ਸੈਨਿਕ ਅਤੇ ਆਸ਼ਰਿਤ, ਜੋ ਸਪਰਸ਼ ਰਾਹੀਂ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਣਗੇ। ਇਸ ਤੋਂ ਇਲਾਵਾ, ਪੈਨਸ਼ਨ ਜਾਂ ਸਪਰਸ਼ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ।
ਕਮਾਂਡਰ ਬਲਜਿੰਦਰ ਵਿਰਕ (ਰਿਟਾਇਰਡ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਪਟਿਆਲਾ ਵੱਲੋਂ ਸਮੂਹ ਸਾਬਕਾ ਸੈਨਿਕਾਂ ਅਤੇ ਆਸ਼ਰਿਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਸਪਰਸ਼ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਹੈ ਜਾਂ ਜਿਨ੍ਹਾਂ ਨੂੰ ਕੋਈ ਹੋਰ ਦਿੱਕਤ ਆ ਰਹੀ ਹੈ, ਉਹ ਨਿਰਧਾਰਤ ਮਿਤੀਆਂ ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਪਟਿਆਲਾ ਵਿਖੇ ਪਹੁੰਚ ਕਰਨ।