ਗੁਰਦਾਸਪੁਰ, 3 ਫਰਵਰੀ : ਵਿਦੇਸ ਵਿਚ ਚੰਗੇ ਭਵਿਖ ਦੀ ਆਸ ਲਈ ਗਏ ਇਕ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੱਥੂ ਖਹਿਰੇ ਨਾਲ ਸਬੰਧਤ 36 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਸਾਊਦੀ ਅਰਬ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਮਨਦੀਪ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਗਿਆ ਸੀ।
ਮਨਦੀਪ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਾਸੀ ਵੀ ਇਸ ਦੁਖਦਾਈ ਘਟਨਾ ਨਾਲ ਸਹਿਮੇ ਹੋਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ, ਭਰਾ ਅਤੇ ਭੈਣ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਮਨਦੀਪ ਸਿੰਘ ਨੂੰ ਸਾਊਦੀ ਅਰਬ ਭੇਜਿਆ ਸੀ ਤਾਂ ਜੋ ਉਹ ਘਰ ਦੀ ਆਰਥਿਕ ਹਾਲਤ ਸੰਭਾਲ ਸਕੇ, ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਸਫ਼ਰ ਉਸਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਤ ਹੋਵੇਗਾ। ਉਨਾ ਸਰਕਾਰ ਨੂੰ ਮਦਦ ਲਈ ਗੁਹਾਰ ਲਗਾਈ ਹੈ।