ਸਰਕਾਰੀ ਸਕੂਲਾਂ ਵਿਚ ਲਗਣਗੇ ਆਧੁਨਿਕ ਕੰਪਿਊਟਰ : ਹਰਜੋਤ ਬੈਸ

ਚੰਡੀਗੜ੍ਹ, 25 ਫਰਵਰੀ : ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀ ਹੁਣ ਬਹੁਤ ਜਲਦ ਆਧੁਨਿਕ ਕੰਪਿਊਟਰਾਂ ਦਾ ਆਨੰਦ ਮਾਣ ਸਕਣਗੇ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਡਿਜ਼ੀਟਲ ਢਾਂਚਾਗਤ ਮਜ਼ਬੂਤੀ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਕਰੀਬ 400 ਕਰੋੜ ਰੁਪਏ ਦੀ ਲਾਗਤ ਨਾਲ ਸਕੂਲਾਂ ਵਿਚ ਆਧੁਨਿਕ ਕੰਪਿਊਟਰ ਸਥਾਪਤ ਕੀਤੇ ਜਾਣਗੇ। ਇਹ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵਲੋ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਵਿੱਚ ਪੁਰਾਣੇ ਅਤੇ ਅਪਡੇਟ ਨਾ ਹੋਏ ਕੰਪਿਊਟਰ ਲੱਗੇ ਹੋਏ ਸਨ, ਜਿਸ ਕਾਰਨ ਵਿਦਿਆਰਥੀਆਂ ਨੂੰ ਤਕਨਾਲੋਜੀ ਅਧਾਰਿਤ ਸਿੱਖਿਆ ਦਾ ਪੂਰਾ ਲਾਭ ਨਹੀਂ ਮਿਲ ਰਿਹਾ ਸੀ। ਹੁਣ 5,000 ਤੋਂ ਵੱਧ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੇਂ ਅਤੇ ਆਧੁਨਿਕ ਸਿਸਟਮ ਲਗਾਏ ਜਾਣਗੇ।
ਇਸਦੇ ਨਾਲ ਹੀ ਲਗਭਗ 3,700 ਸਕੂਲਾਂ ਵਿੱਚ ਇੰਟਰੈਕਟਿਵ ਪੈਨਲ ਵੀ ਲਗਾਏ ਜਾਣਗੇ ਤਾਂ ਜੋ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਰੁਚਿਕਰ ਬਣਾਇਆ ਜਾ ਸਕੇ। ਮੰਤਰੀ ਨੇ ਦੱਸਿਆ ਕਿ ਸੰਗਰੂਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਅੱਜ ਤੋਂ ਕੰਪਿਊਟਰ ਸਥਾਪਨਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਬਾਕੀ ਜ਼ਿਲ੍ਹਿਆਂ ਵਿੱਚ 20 ਮਾਰਚ ਤੱਕ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ, ਜਿਸਦਾ ਵਿਦਿਆਰਥੀ ਲਾਭ ਲੈ ਸਕਣਗੇ।

Scroll to Top