ਸਰਕਾਰੀ ਨੀਤੀਆਂ ਨੇ ਪੰਜਾਬ ਦੀ ਕਿਰਸਾਨੀ ਨੂੰ ਢਾਹ ਲਈ: ਡਾ. ਦਵਿੰਦਰ ਸ਼ਰਮਾ

ਸਰਕਾਰੀ ਨੀਤੀਆਂ ਨੇ ਪੰਜਾਬ ਦੀ ਕਿਰਸਾਨੀ ਨੂੰ ਢਾਹ ਲਈ: ਡਾ. ਦਵਿੰਦਰ ਸ਼ਰਮਾ
-ਪੰਜਾਬੀ ਯੂਨੀਵਰਸਿਟੀ ਦਾ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ’ ਚੌਥੇ ਦਿਨ ਵਿੱਚ ਦਾਖ਼ਲ
ਪਟਿਆਲਾ-ਪੰਜਾਬੀ ਯੂਨੀਵਰਸਿਟੀ ਵੱਲੋਂ ਆਯੋਜਿਤ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ। ਚੌਥੇ ਦਿਨ ਸਹਿਤ ਉਤਸਵ ਦੀ ਪਹਿਲੀ ਬੈਠਕ ਵਿੱਚ ਪ੍ਰਸਿੱਧ ਖੋਜਕਾਰ, ਲੇਖਕ ਅਤੇ ਖੁਰਾਕ ਨੀਤੀ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨਾਲ਼ ਡਾ. ਸਿਕੰਦਰ ਸਿੰਘ ਚੀਮਾ ਨੇ ਸੰਵਾਦ ਰਚਾਇਆ। ਡਾ. ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਰੀ ਕ੍ਰਾਂਤੀ ਦੇ ਨਾਮ ਉੱਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ, ਅੰਧਾਧੁੰਦ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਉੱਤੇ ਲਾਇਆ ਗਿਆ। ਹੁਣ ਜਦੋਂ ਸਾਡਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਮਿੱਟੀ ਪਲੀਤ ਹੋ ਚੁੱਕੀ ਹੈ ਅਤੇ ਪਾਣੀ ਦਾ ਪੱਧਰ ਡਿਗ ਚੁੱਕਾ ਹੈ ਤਾਂ ਸਰਕਾਰਾਂ ਉੱਤੇ ਮਾਹਿਰ ਉਲਟਾ ਕਿਸਾਨਾਂ ਦੇ ਸਿਰ ਦੋਸ਼ ਮੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੇ ਸੰਤੁਲਿਤ ਵਿਕਾਸ ਲਈ ਸਨਅਤ ਦੇ ਨਾਲ਼-ਨਾਲ਼ ਖੇਤੀਬਾੜੀ ਦਾ ਵਿਕਾਸ ਕਰਨਾ ਬਹੁਤ ਜਰੂਰੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਰ ਨੂੰ ਉੱਤੇ ਚੁਕਣ ਲਈ ਸਨਅਤਾਂ ਅਤੇ ਸੂਚਨਾ ਟੈਕਨੋਲੋਜੀ ਦਾ ਹੜ੍ਹ ਲੈ ਆਏ ਹਾਂ ਪਰ ਖੇਤੀ ਖੇਤਰ ਨੂੰ ਅਣਗੌਲਿਆ ਕਰ ਦਿਤਾ ਹੈ।
ਦੂਜੀ ਬੈਠਕ ਵਿੱਚ ਪ੍ਰਮੁੱਖ ਇਤਿਹਾਸਕਾਰ ਈਸ਼ਵਰ ਦਿਆਲ ਗੌੜ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ ਜਿਨ੍ਹਾਂ ਨਾਲ਼ ਡਾ. ਯਾਦਵਿੰਦਰ ਸਿੰਘ ਨੇ ਸੰਵਾਦ ਰਚਾਇਆ। ਡਾ. ਗੌੜ ਨੇ ਆਪਣੀ ਪੁਸਤਕ ‘ਪੜਿ ਅਖਰੁ ਏਹੋ ਬੁਝੀਐ’ ਦੇ ਹਵਾਲੇ ਨਾਲ਼ ਸੰਵਾਦ ਰਚਾਇਆ।
ਤੀਜੀ ਬੈਠਕ ਪ੍ਰਸਿੱਧ ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਪਨ ਗਿੱਲ, ਰੇਮਨ, ਅਮਰਜੀਤ ਮਾਨ, ਜਸਪਾਲ ਕੌਰ ਆਦਿ ਕਹਾਣੀਕਾਰਾਂ ਨੇ ਆਪਣੀਆਂ ਆਪਣੀਆਂ ਕਹਾਣੀਆਂ ਦੇ ਹਵਾਲੇ ਨਾਲ ਚਰਚਾ ਕੀਤੀ। ਇਸ ਮੌਕੇ ਸਰਬਜੀਤ ਸੁਆਮੀ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ। ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬਲਦੇਵ ਸਿੰਘ ਧਾਲੀਵਾਲ ਨੇ ਨਵੇਂ ਕਹਾਣੀਕਾਰਾਂ ਦੀ ਸਿਰਜਣਾ ਤੇ ਤਸੱਲੀ ਪ੍ਰਗਟਾਈ।
ਸੰਗੀਤਕ ਸ਼ਾਮ ਵਿੱਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗੀਤ ਸੰਗੀਤ ਦੀਆਂ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਦੀ ਖੂਬ ਵਾਹ ਵਾਹ ਖੱਟੀ।

Leave a Comment

Your email address will not be published. Required fields are marked *

Scroll to Top