ਸਕੌਟਿਸ਼ ਲੇਖਕ ਅਤੇ ਇਤਿਹਾਸਕਾਰ ਸੈਮ ਡੈਲਰਿੰਪਲ ਨੇ ਦਿੱਤਾ ਭਾਸ਼ਣ

ਪਟਿਆਲਾ, 12 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਹਰ ਸਾਲ ਕਰਵਾਇਆ ਜਾਂਦਾ ‘ਪ੍ਰੋਫੈਸਰ ਬੀ.ਆਰ. ਰਾਓ ਯਾਦਗਾਰੀ ਭਾਸ਼ਣ’ ਇਸ ਵਾਰ ਪ੍ਰਸਿੱਧ ਸਕੌਟਿਸ਼ ਲੇਖਕ ਅਤੇ ਇਤਿਹਾਸਕਾਰ ਸੈਮ ਡੈਲਰਿੰਪਲ ਵੱਲੋਂ ਦਿੱਤਾ ਗਿਆ।
ਸੈਮ ਡੈਲਰਿੰਪਲ ਨੇ ਆਪਣੇ ਭਾਸ਼ਣ ਰਾਹੀਂ ਭਾਰਤ ਦੀ ਵੰਡ ਬਾਰੇ ਬੋਲਦਿਆਂ ਅਹਿਮ ਵਿਚਾਰ ਪ੍ਰਗਟਾਏ।

ਉਨ੍ਹਾਂ ਇਸ ਨੂੰ ਪੰਜ ਪ੍ਰਮੁੱਖ ਪੜਾਵਾਂ ਵਿੱਚ ਹੋਈ ਵੰਡ ਅਤੇ ਇਸ ਨਾਲ਼ ਜੁੜੀ ਬਿਰਤਾਂਤਕ ਡੂੰਘਾਈ ਬਾਰੇ ਦਿਲਚਸਪ ਢੰਗ ਨਾਲ਼ ਆਪਣੀ ਗੱਲ ਰੱਖਦਿਆਂ ਇਸ ਸਬੰਧੀ ਬਿਰਤਾਂਤ ਬਾਰੇ ਨਵੇਂ ਕੋਣਾਂ ਤੋਂ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਉਪ-ਮਹਾਂਦੀਪ ਦੀ ਵਾਰ-ਵਾਰ ਹੋਈ ਵੰਡ ਨੇ ਆਧੁਨਿਕ ਏਸ਼ੀਆ ਨੂੰ ਮੌਜੂਦਾ ਆਕਾਰ ਦਿੱਤਾ ਹੈ। ਉਨ੍ਹਾਂ ਅਜਿਹੇ ਬਟਵਾਰਿਆਂ ਦੇ ਭੂਗੋਲਿਕ ਅਤੇ ਰਾਜਨੀਤਿਕ ਪ੍ਰਭਾਵਾਂ ਦੇ ਨਾਲ਼ ਨਾਲ਼ ਮਨੁੱਖੀ ਜਿ਼ੰਦਗੀ ਉੱਤੇ ਪੈਣ ਵਾਲ਼ੇ ਅਸਰ ਬਾਰੇ ਵੀ ਗੱਲ ਕੀਤੀ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਸ਼ੇ ਸਬੰਧੀ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਭਾਵੇਂ ਸਾਰੇ ਮਨੁੱਖ ਇੱਕੋ ਜਿਹੇ ਹੀ ਹਨ ਪਰ ਅਕਸਰ ਅਜਿਹਾ ਹੁੰਦਾ ਹੈ ਕਿ ਆਰਥਿਕ ਅਤੇ ਰਾਜਨੀਤਿਕ ਹਿਤ ਮਨੁੱਖਾਂ ਵਿੱਚ ਵੰਡ ਦਾ ਕਾਰਨ ਬਣਦੇ ਹਨ। ਇੱਕ ਅਹਿਮ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਬਹੁ-ਸਭਿਆਚਾਰਕ ਅਤੇ ਬਹੁ-ਭਾਸ਼ਾਈ ਭਾਰਤੀ ਸਮਾਜ ਦਾ ਅੰਗ ਹਾਂ।

ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਇਸ ਸਮਾਗਮ ਦੀ ਸ਼ਲਾਘਾ ਕੀਤੀ।
ਵਿਭਾਗ ਮੁਖੀ ਡਾ. ਧਰਮਜੀਤ ਸਿੰਘ ਵੱਲੋਂ ਸਮਾਗਮ ਦੇ ਆਰੰਭ ਵਿੱਚ ਦਿੱਤੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਬੁਲਾਰੇ ਦੀ ਜਾਣ-ਪਛਾਣ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਸੈਮ ਡੈਲਰਿੰਪਲ ਦੀ ਹਾਲ ਹੀ ਵਿੱਚ ਛਪੀ ਪੁਸਤਕ ‘ਸ਼ੈਟਰਡ ਲੈਂਡਜ਼’ ਨੇ ਸਭ ਦਾ ਧਿਆਨ ਖਿੱਚਿਆ ਹੈ।
ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਨਵਜੋਤ ਖੋਸਲਾ ਵੱਲੋਂ ਕੀਤਾ ਗਿਆ।

Scroll to Top