ਨਵੀਂ ਦਿੱਲੀ | 26 ਦਸੰਬਰ –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੀਰ ਬਾਲ ਦਿਵਸ’ ਮੌਕੇ ਆਯੋਜਿਤ ਕੌਮੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਅਤੇ ਅਮਰ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦ ਮੋਦੀ ਨੇ ਆਖਿਆ ਕਿ ਪਿਛਲੇ ਚਾਰ ਸਾਲਾਂ ਤੋਂ ‘ਵੀਰ ਬਾਲ ਦਿਵਸ’ ਮਨਾਉਣ ਦੀ ਸ਼ੁਰੂਆਤ ਨਾਲ ਨੌਜਵਾਨ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਦੀ ਬਹਾਦਰੀ, ਤਿਆਗ ਅਤੇ ਸੱਚ ਲਈ ਦਿੱਤੀ ਗਈ ਕੁਰਬਾਨੀ ਬਾਰੇ ਜਾਣਨ ਦਾ ਮੌਕਾ ਮਿਲ ਰਿਹਾ ਹੈ, ਜੋ ਦੇਸ਼ ਦੀ ਨਵੀਂ ਪੀੜ੍ਹੀ ਲਈ ਮਾਰਗਦਰਸ਼ਨ ਦਾ ਕੰਮ ਕਰੇਗੀ।
ਉਨਾ ਕਿਹਾ ਕਿ ਸਾਹਿਬਜ਼ਾਦਿਆਂ ਨੇ ਬਹੁਤ ਨਿੱਕੀ ਉਮਰ ਵਿੱਚ ਹੀ ਮੁਗਲ ਸਲਤਨਤ ਦੇ ਜ਼ੁਲਮ ਅਤੇ ਧਾਰਮਿਕ ਕੱਟੜਵਾਦ ਦੇ ਵਿਰੁੱਧ ਚਟਾਨ ਵਾਂਗ ਡਟ ਕੇ ਖੜ੍ਹ ਕੇ ਜ਼ਾਲਮ ਤਾਕਤਾਂ ਦੀ ਨੀਂਹ ਹਿਲਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕੁਰਬਾਨੀ ਸਿਰਫ਼ ਇਕ ਪਰਿਵਾਰ ਦੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾ ਹੈ।
PM ਮੋਦੀ ਨੇ ਦੱਸਿਆ ਕਿ ਇਹ ਸੰਘਰਸ਼ ਕੇਵਲ ਹਥਿਆਰਾਂ ਦੀ ਲੜਾਈ ਨਹੀਂ ਸੀ, ਬਲਕਿ ਭਾਰਤ ਦੇ ਮੂਲ ਆਦਰਸ਼ਾਂ, ਸੱਚ ਅਤੇ ਧਰਮ ਦੀ ਰੱਖਿਆ ਲਈ ਕੱਟੜਵਾਦ ਦੇ ਖ਼ਿਲਾਫ਼ ਲੜੀ ਗਈ ਇਕ ਇਤਿਹਾਸਕ ਜੰਗ ਸੀ, ਜਿਸ ਵਿੱਚ ਸਾਹਿਬਜ਼ਾਦਿਆਂ ਨੇ ਆਪਣਾ ਸਰਬੰਸ ਵਾਰ ਦਿੱਤਾ।