ਵਿਦਿਆਰਥੀਆਂ ਨੂੰ ਹੜਾਂ ਮਗਰੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਬਾਰੇ ਦੱਸਿਆ

ਪਟਿਆਲਾ 10 ਸਤੰਬਰ – ਪੰਜਾਬ ਵਿੱਚ ਹੜਾਂ ਕਾਰਨ ਭਾਰੀ ਮਾਤਰਾ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਏ ਹਨ। ਹੜਾਂ ਮਗਰੋਂ ਫੈਲਣ ਵਾਲੀਆਂ ਬਿਮਾਰੀਆਂ, ਹਲਕਾਅ, ਡਾਇਰੀਆ, ਮੱਛਰਾਂ ਆਦਿ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਦਸਣ ਹਿੱਤ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਅਤੇ ਸਿਹਤ ਵਿਭਾਗ ਵੱਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।

ਇਸ ਸਬੰਧ ਵਿੱਚ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਅਤੇ ਆਵਾਜਾਈ ਸਿੱਖਿਆ ਸੈਲ ਦੇ ਸਹਾਇਕ ਥਾਣੇਦਾਰ ਰਾਮ ਸਰਨ ਵਲੋਂ ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਮਾਜਰੀ ਅਕਾਲੀਆਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਹੈਜ਼ਾ, ਡਾਇਰੀਆ, ਡੀਹਾਈਡ੍ਰੇਸ਼ਨ ਤੋਂ ਬਚਣ ਲਈ ਉਬਲਿਆ ਪਾਣੀ ਪੀਣ, ਘਰ ਦਾ ਬਣਿਆ ਭੋਜਨ ਖਾਣ, ਬਜ਼ਾਰੂ ਭੋਜਨ, ਪਾਣੀ, ਜੂਸ ਕੁਲਫੀਆਂ ਤੋਂ ਬਚਣ ਦੀ ਜਾਣਕਾਰੀ ਦਿੱਤੀ।

ਕਿਸੇ ਵੀ ਜਾਨਵਰ ਵਿਸ਼ੇਸ਼ ਤੌਰ ਤੇ ਕੁਤਿਆਂ ਬਾਂਦਰ, ਬਿੱਲੀਆਂ ਪਸ਼ੂਆਂ ਵਲੋਂ ਕੱਟਣ, ਚੱਟਣ ਜਾਂ ਉਨ੍ਹਾਂ ਦੇ ਮੂੰਹ ਵਿੱਚੋ ਨਿਕਲੀ ਝੰਗ ਲਗਣ ਤੇ ਤੁਰੰਤ ਸਾਫ ਪਾਣੀ ਅਤੇ ਸਾਬਣ ਨਾਲ ਜ਼ਖ਼ਮ ਨੂੰ 10 ਵਾਰ ਸਾਫ ਕਰਨ, ਜ਼ਖ਼ਮ ਤੇ ਪੱਟੀ ਨਾ ਬਨਣ, ਬਾਬਿਆਂ ਕੋਲ ਨਾ ਜਾਣ, ਸੱਪਾਂ, ਕੀੜੇ ਮਕੌੜਿਆ ਦੇ ਕੱਟਣ ਸਮੇਂ ਮੌਕੇ ਤੇ ਠੀਕ ਫਸਟ ਏਡ ਕਰਨ ਬਾਰੇ ਦਸਿਆ। ਘਰਾਂ, ਇਮਾਰਤਾਂ, ਬਿਸਤਰਿਆਂ, ਬੂਟਾਂ ਬਸਤਿਆਂ, ਮੰਜਿਆਂ ਹੇਠਾਂ, ਬਾਥਰੂਮ, ਤੂੜੀ ਜਾਂ ਪਸ਼ੂਆਂ ਵਾਲੇ ਕਮਰੇ ਦੀ ਸਫਾਈ ਸੁਥਤਾ ਸਵੱਛਤਾ ਅਤੇ ਮੱਛਰਾਂ ਦੇ ਕੱਟਣ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ।

ਕਿਸੇ ਵੀ ਬਿਮਾਰੀ, ਬੁਖਾਰ, ਸਿਰ ਦਰਦ, ਉਲਟੀਆਂ, ਟੱਟੀਆਂ ਲੱਗਣ ਤੇ ਤੁਰੰਤ ਮਹੱਲਾ ਕਲੀਨਿਕ ਡਿਸਪੈਂਸਰੀ ਜਾਂ ਹਸਪਤਾਲ ਵਿਖੇ ਡਾਕਟਰਾਂ ਦੀ ਸਲਾਹ ਲੈਣ ਦੀ ਅਪੀਲ ਕੀਤੀ। ਪਿੰਡ ਦੇ ਸਰਪੰਚ ਜਗਦੀਪ ਸਿੰਘ ਮਿਡਲ ਸਕੂਲ ਦੇ ਮੁੱਖੀ, ਸ੍ਰੀਮਤੀ ਗੁਰਦੀਪ ਕੌਰ ਪ੍ਰਾਇਮਰੀ ਸਕੂਲ ਦੇ ਹੈਡ ਟੀਚਰ ਸ਼੍ਰੀ ਗੁਰਦੀਪ ਸਿੰਘ ਅਤੇ ਪਿੰਡ ਵਾਸੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡਾਂ ਵਿਖੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਸਿਹਤ, ਤੰਦਰੁਸਤੀ, ਸੁਰੱਖਿਆ ਅਤੇ ਪੀੜਤਾਂ ਦੀ ਮੁਢਲੀ ਸਹਾਇਤਾ ਬਾਰੇ ਜਾਗਰੂਕ ਕਰਨਾ ਵੱਧ ਲਾਭਦਾਇਕ ਹੈ।

Scroll to Top