ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਘਰ, ਪਰਿਵਾਰਾਂ, ਸਮਾਜ ਨੂੰ ਸੁਰੱਖਿਅਤ ਖੁਸ਼ਹਾਲ ਬਣਾਇਆ ਜਾ ਸਕਦਾ : ਡਾ ਕਰਮਜੀਤ ਕੌਰ ਪ੍ਰਿੰਸੀਪਲ
ਪਟਿਆਲਾ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਸਿਹਤਮੰਦ, ਤਦਰੁੰਸਤ, ਖੁਸ਼ਹਾਲ, ਸੁਰੱਖਿਅਤ, ਹਸਦੇ ਨਚਦੇ ਮਹਿਕਦੇ ਰਾਜ ਬਣਾਉਣ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਇਸੇ ਸਬੰਧ ਵਿੱਚ ਐਸ ਐਸ ਪੀ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸਾਂਝ ਕੇਂਦਰਾਂ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸਬੰਧ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੋਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੋਰ ਵਿਖੇ ਸੀਨੀਅਰ ਵਿਦਿਆਰਥੀਆਂ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਬਿਨਾਂ ਲਾਇਸੰਸ, ਹੈਲਮਟ, ਪ੍ਰਦੂਸ਼ਣ, ਬੀਮਾ, ਸਰਟੀਫਿਕੇਟ ਵ੍ਹੀਕਲ ਚਲਾਉਣ, ਮਾੜੇ ਅਨਸਰਾਂ ਤੋਂ ਬਚਣ, ਨਸ਼ਿਆਂ ਦੀ ਵਰਤੋਂ ਅਤੇ ਖ਼ਰੀਦ ਵੇਚ, ਅਤੇ ਕਿਡਨੈਪਿੰਗ ਘਰੋਂ ਭਜਣ ਬਾਰੇ ਸੁਚੇਤ ਕਰਨ ਲਈ ਸਾਂਝ ਕੇਂਦਰ ਸਦਰ ਥਾਣਾ ਪਟਿਆਲਾ ਦੇ ਇੰਚਾਰਜ ਏ ਐਸ ਆਈ ਸ਼੍ਰੀ ਭੁਪਿੰਦਰ ਸਿੰਘ ਨੇ ਵਿਸਥਾਰ ਪੂਰਵਕ, ਦੋਵੇਂ ਸਕੂਲਾਂ ਵਿਖੇ ਜਾਣਕਾਰੀਆਂ ਦਿੱਤੀਆਂ। ਉਨ੍ਹਾਂ ਨੇ ਸਾਂਝ ਕੇਂਦਰਾਂ ਅਤੇ ਪੰਜਾਬ ਪੁਲਿਸ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਪੁਲਿਸ ਹੈਲਪ ਲਾਈਨ ਨੰਬਰਾਂ, ਸਾਈਬਰ ਸੁਰੱਖਿਆ ਬਾਰੇ ਦੱਸਿਆ। ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਵੀ ਵਿਦਿਆਰਥੀਆਂ ਨੂੰ ਆਪਣੀ , ਆਪਣੇ ਘਰ, ਪਰਿਵਾਰਾਂ, ਦੀ ਸੁਰੱਖਿਆ, ਸਨਮਾਨ, ਉੱਨਤੀ,ਖੁਸ਼ਹਾਲੀ, ਚੰਗੀ ਸਿਹਤ, ਤਦੰਰੁਸਤੀ, ਅਰੋਗਤਾ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਵਡਮੁੱਲੀ ਜਾਣਕਾਰੀ ਡਰ ਭੈ ਅਤੇ ਜਾਗਰੂਕਤਾ ਬੱਚਿਆਂ ਨੂੰ ਬਚਾਉਣ ਲਈ ਮਦਦਗਾਰ ਸਿੱਧ ਹੁੰਦੀ ਹੈ ।