ਲੋਕ ਸਭਾ ਚੋਣਾਂ ‘ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ
-ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮੇਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਵੱਡੀ ਹਿੱਸੇਦਾਰੀ
-ਵਕੀਲਾਂ ਦੇ ਕੰਮ ਨੂੰ ਸੁਹੇਲਾ ਬਨਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਕੀਤਾ ਵਾਅਦਾ
ਪਟਿਆਲਾ 17 ਮਈ 2024
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੱਦੇ ‘ਤੇ ਸ਼ੁੱਕਰਵਾਰ ਨੂੰ ਕਰਵਾਏ ਗਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਮੇਰੀ ਜਿੱਤ ਦਾ ਮੁੱਖ ਆਧਾਰ ਪਟਿਆਲਾ ਦੇ ਲੋਕਾਂ ਦਾ ਭਰੋਸਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਭਰੋਸਾ ਇੱਕ ਦਿਨ ਵਿੱਚ ਨਹੀਂ ਬਣਿਆ। ਪਿਛਲੇ 25 ਸਾਲਾਂ ਤੋਂ ਉਹ ਲਗਾਤਾਰ ਪਟਿਆਲਾ ਵਾਸੀਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋ ਰਹੇ ਹਨ। ਪੂਰਾ ਪਟਿਆਲਾ ਵੀ ਉਹਨਾਂ ਦੇ ਪਰਿਵਾਰ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਸੀ ਸਹਿਯੋਗ ਦੇ ਆਧਾਰ ‘ਤੇ ਬਣੇ ਇਸ ਭਰੋਸੇ ਨੂੰ ਮੈਂ ਹਮੇਸ਼ਾ ਆਪਣੀ ਤਾਕਤ ਮੰਨਿਆ ਹੈ। ਇਹੀ ਕਾਰਨ ਹੈ ਕਿ ਅੱਜ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਮੇਰੇ ਖਿਲਾਫ ਇਕੱਠੇ ਹਨ, ਪਰ ਇਸ ਦੇ ਬਾਵਜੂਦ ਪਟਿਆਲੇ ਦੇ ਲੋਕਾਂ ਦਾ ਭਰੋਸਾ ਮੈਨੂੰ ਇਨ੍ਹਾਂ ਤਿੰਨਾਂ ਵਿਰੋਧੀ ਪਾਰਟੀਆਂ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ। ਪ੍ਰਨੀਤ ਕੌਰ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਆਪਣੇ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਸਹਿਯੋਗ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਬਾਰੀ ਦੀਆਂ ਲੋਕਸਭਾ ਚੌਣਾ ਨੂੰ ਪਟਿਆਲਾ ਦੇ ਲੋਕ ਖੁੱਦ ਆਪਣੇ ਆਧਾਰ ਤੇ ਅੱਗੇ ਆ ਕੇ ਲੜ ਰਹੇ ਹਨ। ਉਹਨਾ ਕਿਹਾ ਕਿ ਪਟਿਯਾਲਾ ਵਾਸੀਆਂ ਨੀੰ ਪਤਾ ਹੈ ਕਿ ਨਰਿੰਦਰ ਮੋਦੀ ਦੇਸ਼ ਦੇ ਤਿਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ। ਉਹ ਪਟਿਆਲੇ ਤੱਕ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਕੇ ਹੀ ਪਟਿਆਲਾ ਵਾਸੀ ਆਪਣੇ ਬੱਚਿਆਂ ਅਤੇ ਸੂਬੇ ਦਾ ਭਵਿੱਖ ਸੁਰੱਖਿਅਤ ਕਰ ਸਕਣਗੇ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੁੱਖ ਹਾਲ ਵਿੱਚ ਵੱਡੀ ਗਿਣਤੀ ਵਿੱਚ ਵਕੀਲਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਜਿਸ ਸਮੇਂ ਭਾਜਪਾ ਤੇ ਅਕਾਲੀ ਦਲ ਦਾ ਗਠਜੋੜ ਸੀ, ਉਸ ਸਮੇਂ ਵੀ ਪਟਿਆਲਾ ਨੂੰ ਭਾਜਪਾ ਦੇ ਹਿੱਸੇ ਵਿੱਚ ਨਹੀਂ ਰੱਖਿਆ ਗਿਆ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਨਤਾ ਪਾਰਟੀ ਵੱਲੋਂ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਵਜੋਂ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਟਿਆਲਾ ਦੇ ਲੋਕਾਂ ਨੂੰ ਨਰਿੰਦਰ ਮੋਦੀ ਦੀ ਤਾਕਤ ਵਧਾਉਣ ਦਾ ਮੌਕਾ ਮਿਲਿਆ ਹੈ ਅਤੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਔਖੇ ਸਮੇਂ ਵਿੱਚੋਂ ਕੱਢਣ ਲਈ ਉਨ੍ਹਾਂ ਨੇ ਭਾਜਪਾ ਦਾ ਹਿੱਸਾ ਬਣਨਾ ਹੀ ਬਿਹਤਰ ਸਮਝਿਆ।
ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਕਾਨੂੰਨ ਰਾਹੀਂ ਉਨ੍ਹਾਂ ਦੇ ਹੱਕ ਦਿਵਾਉਣ ਵਾਲੇ ਵਕੀਲ ਭਾਈਚਾਰੇ ਅਤੇ ਜ਼ਿਲ੍ਹਾ ਅਦਾਲਤ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੈਪੀਟਲ ਸਿਨੇਮਾ ਨੇੜੇ ਮਾਲ ਰੋਡ ’ਤੇ ਅੰਡਰਪਾਥ ਬਣਾਉਣ ਦੀ ਮੰਗ ਉਨ੍ਹਾਂ ਕੋਲ ਪੁੱਜੀ ਹੈ। ਉਹ ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਤੁਰੰਤ ਬਾਅਦ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਬੇਸ਼ੱਕ ਪਹਿਲਾਂ ਵੀ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਹੁੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ, ਪਰ ਭਵਿੱਖ ਵਿੱਚ ਵੀ ਉਹ ਐਸੋਸੀਏਸ਼ਨ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਕੋਈ ਸੰਕੋਚ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬਾਰਾਦਰੀ ਵਿੱਚ ਵਕੀਲ ਭਾਈਚਾਰੇ ਦੀ ਸਹੂਲਤ ਲਈ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਪੱਕੀ ਪਾਰਕਿੰਗ ਮੁਹੱਈਆ ਕਰਵਾਈ ਸੀ, ਜਿਸ ਦਾ ਵਕੀਲ ਭਾਈਚਾਰੇ ਨੇ ਪੂਰਾ ਲਾਭ ਮਿਲਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਂ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ, ਪਰ ਮੋਦੀ ਸਰਕਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਦਿਆਂ ਹੀ ਕਿਸਾਨਾਂ ਦੀ ਹਰ ਜਾਇਜ਼ ਮੰਗ ਨੂੰ ਪੂਰਾ ਕਰਨ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਭਾਜਪਾ ਬਾਰੇ ਜੋ ਵੀ ਜਾਣਦੇ ਹਨ, ਉਸ ਦੇ ਆਧਾਰ ‘ਤੇ ਉਹ ਭਰੋਸੇ ਨਾਲ ਕਹਿ ਸਕਦੇ ਹਨ ਕਿ ਭਾਜਪਾ ਪੰਜਾਬ ਦੀ ਦੁਸ਼ਮਣ ਨਹੀਂ ਹੈ। ਪੰਜਾਬ ਦਾ ਭਵਿੱਖ ਭਾਜਪਾ ਜਾਂ ਨਰਿੰਦਰ ਮੋਦੀ ਰਾਹੀਂ ਹੀ ਸੁਰੱਖਿਅਤ ਹੋ ਸਕਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਮਾਨ ਸਰਕਾਰ ਨੂੰ ਕੇਂਦਰ ਤੋਂ ਸਾਰੀਆਂ ਗਰਾਂਟਾਂ ਮਿਲ ਰਹੀਆਂ ਹਨ, ਪਰ ਉਸ ਨੂੰ ਮੋਦੀ ਸਰਕਾਰ ਦੀ ਆਲੋਚਨਾ ਕਰਨ ਦੀ ਆਦਤ ਪੈ ਗਈ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਇੱਕ ਮੌਕਾ ਕੇਜਰੀਵਾਲ ਨੂੰ ਕਹਿ ਕੇ ਆਪ ਪਾਰਟੀ ਪੰਜਾਬ ਵਿੱਚ ਸੱਤਾ ਤੇ ਕਾਬਜ ਹੋਈ ਤੇ ਹੁਣ ਜੋ ਹਾਲਾਤ ਹਨ, ਉਹਨਾਂ ਵਿੱਚ ਰਹਿ ਕੇ ਉਹਨਾਂ ਨੂੰ ਪੰਜਾਬ ਕੇ ਲੋਕਾਂ ਲਈ ਚੰਗੇ ਕੰਮ ਕਰਨੇ ਚਾਹਿਦੇ ਹਨ। ਪਟਿਆਲਾ ਦੇ ਰਾਜਿੰਦਰਾ ਸੁਪਰਸਪੈਸ਼ਲਿਟੀ ਹਸਪਤਾਲ ਨੂੰ ਮਾਨ ਸਰਕਾਰ ਸੁਪਰ ਸਪੈਸ਼ਲ ਡਾਕਟਰ ਨਹੀਂ ਦੇ ਸਕੀ। ਮਾਨ ਸਰਕਾਰ ਆਪਣੀ ਪਾਰਟੀ ਦੇ ਇਸ਼ਤਿਹਾਰਾਂ ‘ਤੇ ਜਨਤਾ ਦੇ ਫੰਡਾਂ ‘ਚੋਂ 750 ਕਰੋੜ ਰੁਪਏ ਖਰਚ ਕਰ ਰਹੀ ਹੈ। ਹਸਪਤਾਲ ਹੁੰਦੇ ਹੋਏ ਲੋਕਾਂ ਨੂੰ ਹੋਰ ਰਾਜਾਂ ਵਿੱਚ ਇਲਾਜ ਲਈ ਜਾਣਾ ਪੈ ਰਿਹਾ ਹੈ।