ਦਿੱਲੀ, 19 ਜਨਵਰੀ : ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਰੁਦਰਪੁਰ ਸ਼ਹਿਰ ਵਿੱਚ ਐਤਵਾਰ ਸ਼ਾਮ ਕਾਂਗਰਸ ਦੇ ਵਿਧਾਇਕ ਤਿਲਕ ਰਾਜ ਬੇਹਾਰ ਦੇ ਪੁੱਤਰ ਅਤੇ ਨਗਰ ਨਿਗਮ ਕੌਂਸਲਰ ਸੌਰਭ ਰਾਜ ਬੇਹਾਰ ’ਤੇ ਤਿੰਨ ਨਕਾਬਪੋਸ਼ ਹਮਲਾਵਰਾਂ ਵੱਲੋਂ ਭਿਆਨਕ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ।
ਇਸ ਮਾਮਲੇ ਨੂੰ ਲੈ ਕੇ ਘਟਨਾ ਦੀ ਸੂਚਨਾ ਮਿਲਣ ਉਪਰੰਤ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਾਂਗਰਸੀ ਵਿਧਾਇਕ ਤਿਲਕ ਰਾਜ ਬੇਹਾਰ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਪੁਲੀਸ ਵੱਲੋਂ ਹਮਲਾਵਰਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਸੌਰਭ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀਂ ਜਾ ਰਹੀ ਹੈ। ਪੁਲੀਸ ਅਨੁਸਾਰ ਸੌਰਭ ਐਤਵਾਰ ਸ਼ਾਮ ਨੂੰ ਪੁਲੀਸ ਚੌਕੀ ਜਾਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਆਵਾਸ ਵਿਕਾਸ ਖੇਤਰ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਨਕਾਬਪੋਸ਼ਾਂ ਨੇ ਉਸ ਨੂੰ ਰੋਕ ਕੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।