ਪਟਿਆਲਾ 3 ਸਤੰਬਰ – ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫਤਾ “ਸਿਹਤਮੰਦ ਜੀਵਨ ਲਈ ਸਹੀ ਭੋਜਨ ਖਾਓ” ਦੇ ਥੀਮ ਤਹਿਤ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਪਟਿਆਲਾ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੰਤੁਲਿਤ ਖੁਰਾਕ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੰਤੁਲਿਤ ਖੁਰਾਕ ਹੀ ਸਾਡੀ ਸਿਹਤ ਦਾ ਆਧਾਰ ਹੈ। ਪੌਸ਼ਟਿਕ ਖੁਰਾਕ ਖਾਣ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਅਤੇ ਮਨੁੱਖ ਦੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ।
ਹਰ ਵਿਅਕਤੀ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਆਪਣੀ ਖੁਰਾਕ ਸੰਤੁਲਿਤ ਮਾਤਰਾ ਵਿੱਚ ਜਿਵੇਂ ਕਿ ਕਾਰਬੋਹਾਈਡਰੇਟ, ਪ੍ਰੋਟੀਨ, ਫੈਟਸ, ਵਿਟਾਮਿਨਸ ਅਤੇ ਫਾਈਬਰ ਸ਼ਾਮਿਲ ਕਰਨੇ ਚਾਹੀਦੇ ਹਨ । ਭਾਵੇਂ ਹਰ ਵਰਗ ਦੇ ਲੋਕਾਂ ਲਈ ਢੁਕਵੀਂ ਖੁਰਾਕ ਬਹੁਤ ਜਰੂਰੀ ਹੈ ਪਰ ਫਿਰ ਵੀ ਗਰਭਵਤੀ ਔਰਤਾਂ ,ਦੁੱਧ ਪਿਲਾਉਣ ਵਾਲੀਆਂ ਮਾਵਾਂ, ਛੋਟੀਆਂ ਬੱਚੀਆਂ ਤੇ ਕਿਸ਼ੋਰ ਅਵਸਥਾ ਵਾਲੇ ਲੜਕੇ ਲੜਕੀਆਂ ਲਈ ਪੌਸ਼ਟਿਕ ਖੁਰਾਕ ਦੀ ਬਹੁਤ ਅਹਿਮੀਅਤ ਹੈ।
ਕਿਸ਼ੋਰ ਅਤੇ ਕਿਸ਼ੋਰੀਆਂ ਨੂੰ ਵਿਟਾਮਿਨਸ ਅਤੇ ਆਇਰਨ ਭਰਪੂਰ ਖੁਰਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਫਲ ,ਸਬਜੀਆਂ, ਦੁੱਧ ਦਹੀਂ , ਫੇਟਸ,ਆਈਓਡੀਨ ਯੁਕਤ ਨਮਕ ਫਾਇਦੇਮੰਦ ਹੈ। ਹਫਤੇ ਵਿੱਚ ਇੱਕ ਵਾਰ ਆਇਰਨ ਦੀ ਗੋਲੀ ਵੀ ਸਕੂਲਾਂ ਵਿੱਚ ਦਿੱਤੀ ਜਾਂਦੀ ਹੈ ਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਵੀ ਐਲਬੋਨਡਾਜੋਲ ਦੀ ਇੱਕ ਗੋਲੀ ਛੇ ਮਹੀਨੇ ਪਿੱਛੋਂ ਇੱਕ ਵਾਰ ਖਵਾਈ ਜਾਂਦੀ ਹੈ।