ਦਿੱਲੀ, 26 ਸਤੰਬਰ : ਸੁਰਖਿਆ ਬਲਾਂ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਰਾਜਸਥਾਨ ਦੀ ਸੀਆਈਡੀ ਇੰਟੈਲੀਜੈਂਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਜੈਸਲਮੇਰ ਤੋਂ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਹਿਲ ਪਿੰਡ ਦੇ ਵਸਨੀਕ ਹਨੀਫ਼ ਖਾਨ (47) ’ਤੇ ਪੈਸੇ ਖ਼ਾਤਰ ਭਾਰਤੀ ਫੌਜ ਬਾਰੇ ਗੁਪਤ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀ, ਆਈਐਸਆਈ ਨੂੰ ਭੇਜਣ ਦਾ ਦੋਸ਼ ਹੈ। ਉਸ ਉੱਤੇ ਸਰਹੱਦ ਪਾਰ ਆਪ੍ਰੇਸ਼ਨ ਸਿੰਧੂਰ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਵੀ ਦੋਸ਼ ਹੈ।
ਸੀਆਈਡੀ ਇੰਟੈਲੀਜੈਂਸ ਦੇ ਇੰਸਪੈਕਟਰ ਜਨਰਲ ਡਾ. ਵਿਸ਼ਨੂੰ ਕਾਂਤ ਨੇ ਕਿਹਾ ਕਿ ਇੱਕ ਟੀਮ ਲੰਬੇ ਸਮੇਂ ਤੋਂ ਹਨੀਫ਼ ਖਾਨ ਦੀਆਂ ਸ਼ੱਕੀ ਸਰਗਰਮੀਆਂ ’ਤੇ ਨਜ਼ਰ ਰੱਖ ਰਹੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਆਈਐਸਆਈ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਕਈ ਵਾਰ ਪਾਕਿਸਤਾਨ ਗਿਆ ਸੀ।