ਪਟਿਆਲਾ, 9 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਪ੍ਰਸਿੱਧ ਗਾਇਕ ਰਾਜਵੀਰ ਜਵੰਧਾ ਦੀ ਯਾਦ ਵਿੱਚ ਸ਼ੋਕ ਸਭਾ ਕਰਵਾਈ ਗਈ। ਵਿਭਾਗ ਦੇ ‘ਪ੍ਰੋ. ਦਲਜੀਤ ਸਿੰਘ ਯਾਦਗਾਰੀ ਹਾਲ’ ਵਿਖੇ ਆਯੋਜਿਤ ਇਸ ਸ਼ੋਕ ਸਭਾ ਦੌਰਾਨ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ, ਯੁਵਕ ਭਲਾਈ ਵਿਭਾਗ ਨੇ ਕਿਹਾ ਕਿ ਰਾਜਵੀਰ ਜਵੰਧਾ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਉਹ ਭਾਵੇਂ ਇੱਕ ਮਸ਼ਹੂਰ ਗਾਇਕ ਸਨ ਪਰ ਉਹ ਜੜ੍ਹਾਂ ਨਾਲ ਹਮੇਸ਼ਾ ਜੁੜੇ ਰਹੇ। ਜ਼ਿੰਦਗੀ ਕਿਵੇਂ ਜਿੰਦਾਦਿਲੀ ਨਾਲ ਜਿਉਣੀ ਚਾਹੀਦੀ ਹੈ ਇਹ ਵੀ ਰਾਜਵੀਰ ਜਵੰਧਾ ਸਾਨੂੰ ਬਾਖ਼ੂਬੀ ਸਮਝਾ ਗਿਆ ਹੈ।
ਡਾ. ਹਰਿੰਦਰ ਹੁੰਦਲ ਨੇ ਰਾਜਵੀਰ ਜਵੰਧਾ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਕ ਕਲਾਕਾਰ ਦੇ ਕਹੇ ਬੋਲ ਜਾਂ ਗੀਤਾਂ ਨਾਲ ਹੀ ਉਸ ਦੀ ਅੰਤਿਮ ਸਾਂਝ ਪੈ ਜਾਂਦੀ ਹੈ। ਡਾ. ਹੁੰਦਲ ਨੇ ਕਿਹਾ ਕਿ ਜਵੰਧਾ ਨੂੰ ਭਾਵੇਂ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਕ ਸੀ ਪਰ ਉਹ ਗਾਉਣ ਦੇ ਨਾਲ-ਨਾਲ ਐਕਟਿੰਗ ਦਾ ਵੀ ਸ਼ੌਕ ਰੱਖਦਾ ਸੀ। ਉਨ੍ਹਾਂ ਕਿਹਾ ਕਿ ਉਹ ਸੁਲਝਿਆ ਹੋਇਆ ਅਤੇ ਬਹੁਤ ਹੀ ਮਿਹਨਤੀ ਆਰਟਿਸਟ ਸੀ। ਰਾਜਵੀਰ ਸ਼ੌਕ ਦੀਆਂ ਭੂਤਕਾਲ ਦੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਦਿਆਂ ਇਹ ਸ਼ੋਕ ਸਭਾ ਸਮਾਪਤ ਹੋਈ।
ਇਸ ਮੌਕੇ ਰਾਜਵੀਰ ਜਵੰਧਾ ਦੀ ਤਸਵੀਰ ਵਿਭਾਗ ਦੀ ਫੋਟੋ ਗੈਲਰੀ ਵਿਖੇ ਸਥਾਪਿਤ ਕੀਤੀ ਗਈ। ਇਸ ਮੌਕੇ ਡਾ. ਡੈਨੀ ਸ਼ਰਮਾ, ਸ੍ਰੀਮਤੀ ਰਮਨਜੀਤ ਕੌਰ, ਸ. ਨਰਿੰਦਰ ਪਾਲ ਸਿੰਘ, ਸ. ਇੰਦਰਬੀਰ ਸਿੰਘ, ਸ੍ਰੀ. ਜਤਿੰਦਰ ਕੁਮਾਰ, ਜੇਮਸ ਮਸੀਹ ਅਤੇ ਵਿਭਾਗ ਦੇ ਵਿਦਿਆਰਥੀ ਸ਼ਾਮਲ ਸਨ।